ਕੋਟਕਪੂਰਾ, 20 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਲਿਤ ਸਮਾਜ ਦੇ ਅਫਸਰਾਂ ਅਤੇ ਆਮ ਲੋਕਾਂ ਉਪਰ ਭਾਜਪਾ/ਆਰ.ਐਸ.ਐਸ. ਕੀਤੀਆਂ ਜਾ ਰਹੀਆਂ ਜਿਆਦਤੀਆਂ ਅਤੇ ਦਲਿਤ ਮਾਰੂ ਨੀਤੀਆਂ ਦਾ ਜਵਾਬ ਦੇਣ ਲਈ ਅਪੈ੍ਰਲ 2018 ਦੀ ਤਰ੍ਹਾਂ ਅੰਦੋਲਨ ਤੇਜ ਕਰਨਾ ਪਵੇਗਾ, ਨਹੀਂ ਤਾਂ ਦਲਿਤ ਸਮਾਜ ਦੀ ਨਵੀਂ ਪੀੜ੍ਹੀ ਦਾ ਭਵਿੱਖ ਸੁਰੱਖਿਅਤ ਨਹੀਂ। ਨੈਸ਼ਨਲ ਦਲਿਤ ਮਹਾਂਪੰਚਾਇਤ ਪੰਜਾਬ ਦੇ ਚੇਅਰਮੈਨ ਅਤੇ ਕਾਂਗਰਸ ਦੇ ਉੱਘੇ ਦਲਿਤ ਆਗੂ ਕਿਰਨਜੀਤ ਸਿੰਘ ਗਹਿਰੀ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਹਰਿਆਣੇ ਦੇ ਏ.ਡੀ.ਜੀ.ਪੀ. ਪੂਰਨ ਕੁਮਾਰ ਦੀ ਮੌਤ ਦੇ ਜਿੰਮੇਵਾਰ ਅਧਿਕਾਰੀਆਂ ਖਿਲਾਫ ਐਸ.ਸੀ. ਐਕਟ ਤਹਿਤ ਮਾਮਲਾ ਦਰਜ ਕਰਕੇ ਸਖਤ ਕਾਰਵਾਈ ਕੀਤੀ ਜਾਵੇ। ਉਹਨਾ ਹੈਰਾਨੀ ਪ੍ਰਗਟਾਈ ਕਿ ਮਿ੍ਰਤਕ ਪੂਰਨ ਕੁਮਾਰ ਦੀ ਧਰਮਪਤਨੀ ਅਮਨੀਤ ਆਈ.ਏ.ਐਸ. ਅਤੇ ਉਸ ਦੇ ਵਿਧਾਇਕ ਭਰਾ ਅਮਿਤ ਰਤਨ ਉਪਰ ਝੂਠੇ ਕੇਸ ਦਰਜ ਕਰ ਦਿੱਤੇ ਗਏ। ਉਹਨਾ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਅਤੇ ਹਾਈਕੋਰਟ ਦੇ ਜਸਟਿਸ ਸਮੇਤ ਐਸ.ਸੀ. ਕਮਿਸ਼ਨ ਨੂੰ ਇਸ ਮਾਮਲੇ ਵਿੱਚ ਤੁਰਤ ਦਖਲ ਦੇ ਕੇ ਦਲਿਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਏ.ਡੀ.ਜੀ.ਪੀ. ਪੂਰਨ ਕੁਮਾਰ ਦੀ ਮਿ੍ਰਤਕ ਦੇਹ ਦਾ ਅਜੇ ਸਸਕਾਰ ਵੀ ਨਹੀਂ ਹੋਇਆ ਸੀ ਕਿ ਭਾਜਪਾ ਸਰਕਾਰ ਨੇ ਉਸਦੀ ਆਈ.ਏ.ਐਸ. ਪਤਨੀ ਉਪਰ ਝੂਠਾ ਪਰਚਾ ਦਰਜ ਕਰਕੇ ਦਲਿਤ ਵਿਰੋਧੀ ਹੋਣ ਦਾ ਸਬੂਤ ਪੇਸ਼ ਕਰ ਦਿੱਤਾ। ਸ੍ਰ. ਗਹਿਰੀ ਨੇ ਦੇਸ਼ ਭਰ ਦੇ ਐਸ.ਸੀ./ਬੀ.ਸੀ. ਵਰਗ ਦੇ ਵਿਧਾਇਕਾਂ, ਮੈਂਬਰ ਪਾਰਲੀਮੈਂਟਾਂ, ਆਈ.ਏ.ਐਸ. ਅਤੇ ਆਈ.ਪੀ.ਐਸ. ਅਫਸਰਾਂ ਨੂੰ ਇਸ ਅਨਰਥ ਖਿਲਾਫ ਅਵਾਜ ਚੁੱਕਣ ਦੀ ਅਪੀਲ ਕੀਤੀ। ਇਸ ਮੌਕੇ ਬੋਹੜ ਸਿੰਘ ਘਾਰੂ, ਜਤਿੰਦਰ ਸਿੰਘ ਜੋਤੀ, ਗੁਰਚਰਨ ਸਿੰਘ ਅਟਵਾਲ, ਗੁਰਦੀਪ ਸਿੰਘ ਰੋਮਾਣਾ ਆਦਿ ਵੀ ਹਾਜਰ ਸਨ।