9 ਗੋਲਡ ਮੈਡਲ ਅਤੇ 2 ਕਾਂਸੀ ਦੇ ਤਗਮੇ ਜਿੱਤਣ ਵਾਲੇ ਬੱਚਿਆਂ ਦੀ ਪ੍ਰਸੰਸਾ
ਕੋਟਕਪੂਰਾ, 20 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮ)
ਬਾਬਾ ਦੀਪ ਸਿੰਘ ਗਤਕਾ ਸੁਸਾਇਟੀ ਦੇ ਬੱਚਿਆਂ ਵੱਲੋਂ ਕੋਚ ਗੁਰਪ੍ਰੀਤ ਸਿੰਘ ਖਾਲਸਾ ਦੀ ਅਗਵਾਈ ਵਿੱਚ ਦਿੱਲੀ ਵਿਖੇ 22 ਰਾਜਾਂ ਦੇ ਹੋਏ ਕੌਮੀ ਪੱਧਰ ਮੁਕਾਬਲਿਆਂ ਦੌਰਾਨ 9 ਗੋਲਡ ਮੈਡਲ ਅਤੇ 2 ਕਾਂਸੀ ਦੇ ਤਗਮੇ ਜਿੱਤਣ ’ਤੇ ਉਕਤ ਟੀਮ ਦਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਅੱਜ ਆਪਣੇ ਗ੍ਰਹਿ ਪਿੰਡ ਸੰਧਵਾਂ ਵਿਖੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਸਪੀਕਰ ਸੰਧਵਾਂ ਨੇ ਸਾਰੇ ਬੱਚਿਆਂ ਨੂੰ ਆਸ਼ੀਰਵਾਦ ਅਤੇ ਦੁਆਵਾਂ ਦਿੰਦਿਆਂ ਆਖਿਆ ਕਿ ਗਤਕਾ ਇਕ ਖੇਡ ਹੀ ਨਹੀਂ, ਬਲਕਿ ਇਕ ਕਲਾ ਹੈ, ਇਸ ਤੋਂ ਇਲਾਵਾ ਸਵੈ ਰੱਖਿਆ ਲਈ ਬਹੁਤ ਵਧੀਆ ਤਕਨੀਕ ਹੈ। ਉਹਨਾਂ ਗਤਕਾ ਕੋਚ ਗੁਰਪ੍ਰੀਤ ਸਿੰਘ ਖਾਲਸਾ ਅਤੇ ਸਮਾਜ ਸੇਵੀ ਬਲਤੇਜ ਸਿੰਘ ਖਾਲਸਾ ਦੇ ਉਕਤ ਉਪਰਾਲਿਆਂ ਦੀ ਭਰਪੂਰ ਪ੍ਰਸੰਸਾ ਕਰਦਿਆਂ ਆਖਿਆ ਕਿ ਬੱਚਿਆਂ ਨੂੰ ਸਮਾਜਿਕ ਕੁਰੀਤੀਆਂ ਤੋਂ ਬਚਾਅ ਕੇ ਨੈਤਿਕਤਾ ਦਾ ਪਾਠ ਪੜਾਉਣਾ, ਗਤਕਾ ਕਲਾ ਨਾਲ ਜੋੜਨਾ ਅਤੇ ਅਜਿਹੀ ਕਾਬਲੀਅਤ ਪੈਦਾ ਕਰਨੀ, ਜਿਸ ਨਾਲ ਬੱਚੇ ਸਟੇਟ ਅਤੇ ਨੈਸ਼ਨਲ ਮੁਕਾਬਲਿਆਂ ਵਿੱਚ ਗੋਲਡ ਮੈਡਲ ਜਿੱਤਣ ਦੇ ਕਾਬਲ ਬਣੇ। ਸਪੀਕਰ ਸੰਧਵਾਂ ਨੇ ਜੇਤੂ ਬੱਚਿਆਂ ਨੂੰ ਆਸ਼ੀਰਵਾਦ ਦਿੰਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬੱਚਿਆਂ ਤੇ ਨੌਜਵਾਨਾ ਨੂੰ ਖੇਡਾਂ ਅਤੇ ਆਰਟ ਪ੍ਰਤੀ ਉਤਸ਼ਾਹਿਤ ਕਰਨ ਲਈ ਕਰੋੜਾਂ ਰੁਪਿਆ ਖਰਚਿਆ ਜਾ ਰਿਹਾ ਹੈ। ਗੁਰਪ੍ਰੀਤ ਸਿੰਘ ਖਾਲਸਾ ਨੇ ਦੱਸਿਆ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਯਤਨਾ ਸਦਕਾ ਇਸ ਵਾਰ ਕੋਟਕਪੂਰੇ ਦੇ 12 ਬੱਚੇ ਦਿੱਲੀ ਵਿਖੇ ਗਤਕੇ ਦੇ ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਗਏ ਸਨ, ਜਿੰਨਾ ਵਿੱਚੋਂ 9 ਬੱਚਿਆਂ ਨੇ ਸੋਨੇ ਦੇ ਮੈਡਲ, ਜਦਕਿ ਦੋ ਬੱਚਿਆਂ ਨੇ ਕਾਂਸੀ ਦੇ ਤਗਮੇ ਜਿੱਤ ਕੇ ਮੀਲ ਪੱਥਰ ਸਥਾਪਿਤ ਕੀਤਾ। ਉਹਨਾਂ ਦੱਸਿਆ ਕਿ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਦੇ ਲੀਡਰਾਂ ਨੇ ਵੱਡੇ ਵੱਡੇ ਵਾਅਦੇ, ਦਾਅਵੇ ਤਾਂ ਕੀਤੇ ਪਰ ਉਹ ਲਾਰੇ ਸਾਬਿਤ ਹੋਏ, ਕਿਉਂਕਿ ਸਪੀਕਰ ਸੰਧਵਾਂ ਨੇ ਹੁਣ ਤੱਕ ਜੋ ਗੱਲ ਆਖੀ, ਉਸ ’ਤੇ ਪਹਿਰਾ ਵੀ ਦਿੱਤਾ। ਇਸ ਮੌਕੇ ਜਿਲਾ ਗਤਕਾ ਐਸੋਸੀਏਸ਼ਨ ਫਰੀਦਕੋਟ ਦੇ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ, ਸਰਪ੍ਰਸਤ ਬਲਤੇਜ ਸਿੰਘ ਖਾਲਸਾ ਅਤੇ ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਸਮੇਤ ਹੋਰ ਵੀ ਪਤਵੰਤੇ ਹਾਜਰ ਸਨ।
