ਕੋਟਕਪੂਰਾ, 1 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੋਟਕਪੂਰਾ-ਫਰੀਦਕੋਟ ਸੜਕ ’ਤੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ, ਜਦੋਂ ਲਾੜੀ ਲੈਣ ਜਾ ਰਹੇ ਬਰਾਤੀਆਂ ਦੀ ਬੱਸ ਨੂੰ ਟਿੱਪਰ ਨੇ ਪਿੱਛਿਓਂ ਟੱਕਰ ਮਾਰ ਦਿੱਤੀ ਤਾਂ ਮੌਕੇ ’ਤੇ ਚੀਕ-ਚਿਹਾੜਾ ਪੈ ਗਿਆ। ਖੁਸ਼ੀ ਵਿੱਚ ਨੱਚਦੇ-ਟੱਪਦੇ ਬਰਾਤੀਆਂ ਨੂੰ ਵਿਆਹ ਵਾਲੇ ਸਮਾਰੋਹ ਦੀ ਥਾਂ ਹਸਪਤਾਲ ਜਾਣਾ ਪੈ ਗਿਆ। ਇਸ ਹਾਦਸੇ ਦੌਰਾਨ ਬੱਸ ਵਿੱਚ ਸਵਾਰ ਬਰਾਤੀਆਂ ਨੂੰ ਕਾਫੀ ਸੱਟਾਂ ਵੱਜੀਆਂ, ਜਿਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਿਕ ਫਰੀਦਕੋਟ ਦੇ ਦਸ਼ਮੇਸ਼ ਨਗਰ ਤੋਂ ਇਕ ਬੱਸ ਬਰਾਤ ਲੈ ਕੇ ਬਠਿੰਡਾ ਜਾ ਰਹੀ ਸੀ। ਜਦੋਂ ਬੱਸ ਕੋਟਕਪੂਰਾ ਰੋਡ ’ਤੇ ਇਕ ਹੋਟਲ ਕੋਲ ਪਾਣੀ ਦੀਆਂ ਬੋਤਲਾਂ ਲੈਣ ਲਈ ਸੜਕ ਕਿਨਾਰੇ ਰੁਕੀ ਤਾਂ ਪਿੱਛੋਂ ਆਉਂਦੇ ਇਕ ਤੇਜ ਰਫਤਾਰ ਟਿੱਪਰ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਬੱਸ ਸੜਕ ਕਿਨਾਰੇ ਖਤਾਨਾ ’ਚ ਜਾ ਡਿੱਗੀ। ਇਸ ਹਾਦਸੇ ਦੌਰਾਨ ਬੱਸ ’ਚ ਬੈਠੇ 2 ਬਰਾਤੀਆਂ ਦੀਆਂ ਲੱਤਾਂ ਦੀਆਂ ਹੱਡੀਆਂ ਟੁੱਟ ਗਈਆਂ, ਜਦੋਂ ਕਿ ਹੋਰ ਬਰਾਤੀਆਂ ਤੋਂ ਇਲਾਵਾ ਬੱਸ ਦੇ ਡਰਾਈਵਰ ਅਤੇ ਹੈਲਪਰ ਨੂੰ ਵੀ ਸੱਟਾਂ ਵੱਜੀਆਂ। ਬੱਸ ਦੇ ਡਰਾਈਵਰ ਦੇ ਕਹਿਣ ਮੁਤਾਬਕ ਟਿੱਪਰ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਕਾਰਨ ਉਸ ਦਾ ਟਿੱਪਰ ਬੇਕਾਬੂ ਹੋ ਗਿਆ। ਫਿਲਹਾਲ ਮੌਕੇ ’ਤੇ ਪੁੱਜੀ ਪੁਲਿਸ ਨੇ ਲੋਕਾਂ ਦੀ ਮੱਦਦ ਨਾਲ ਜਖਮੀ ਹੋਏ ਲੋਕਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਪਹੁੰਚਾਇਆ। ਇਸ ਟੱਕਰ ਦੌਰਾਨ ਟਿੱਪਰ ਅਤੇ ਬੱਸ ਦੋਵੇਂ ਬੁਰੀ ਤਰਾਂ ਨੁਕਸਾਨੇ ਗਏ ਅਤੇ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਵੱਲੋਂ ਟਿੱਪਰ ਵਿੱਚ ਸਵਾਰ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ, ਜੋ ਕਿ ਖੁਦ ਨੂੰ ਹੈਲਪਰ ਦੱਸ ਰਿਹਾ ਹੈ। ਫਿਲਹਾਲ ਪੁਲਿਸ ਵਲੋਂ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।