
ਚੰਡੀਗੜ੍ਹ 29 ਅਕਤੂਬਰ,( ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਕੌਮਾਂਤਰੀ ਪੰਜਾਬੀ ਕਾਫ਼ਲਾ ਇਟਲੀ ਵੱਲੋਂ ਮਨਜੀਤ ਕੌਰ ਧੀਮਾਨ ਦੇ ਲਿਖੇ ਮਿੰਨ੍ਹੀ ਕਹਾਣੀ ਸੰਗ੍ਰਹਿ ਸਫ਼ਰ-ਏ-ਮੰਜ਼ਿਲ ਉੱਪਰ ਵਿਚਾਰ ਚਰਚਾ ਕੀਤੀ ਗਈ। ਇਸ ਕਹਾਣੀ ਸੰਗ੍ਰਹਿ ਨੂੰ ਲੇਖਕਾ ਨੇ ਬੜੀ ਮਿਹਨਤ ਨਾਲ ਇੱਕ ਖੂਬਸੂਰਤ ਗੁਲਦਸਤੇ ਦੀ ਤਰ੍ਹਾਂ ਸ਼ਿੰਗਾਰਿਆ ਹੈ। ਇਹ ਕਹਾਣੀ ਸੰਗ੍ਰਹਿ 134 ਸਫਿਆਂ ਵਿੱਚ ਫੈਲਿਆ ਹੋਇਆ ਬੜਾ ਪਿਆਰਾ ਜਿਹਾ ਤੋਹਫਾ ਉਹਨਾਂ ਨੇ ਆਪਣੇ ਪਾਠਕਾਂ ਦੀ ਝੋਲੀ ਪਾਇਆ। ਇਸ ਕਹਾਣੀ ਸੰਗ੍ਰਹਿ ਵਿੱਚ ਪਰਿਵਾਰਕ,ਸਮਾਜਿਕ ਮੁੱਦਿਆਂ ਉੱਪਰ ਬੜੀ ਹੀ ਗੰਭੀਰਤਾ ਨਾਲ ਕਹਾਣੀ ਨੂੰ ਲਿਖਿਆ ਤੇ ਇੱਕ ਵਧੀਆ ਸੰਦੇਸ਼ ਦੇਣ ਵਿੱਚ ਲੇਖਕਾ ਕਾਮਯਾਬ ਰਹੀ ਹੈ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸਰਬਜੀਤ ਸਿੰਘ ਜਰਮਨੀ ਨੇ ਸਭ ਨੂੰ ਜੀ ਆਇਆਂ ਆਖਿਆ ਅਤੇ ਮੰਚ ਗੁਰਚਰਨ ਸਿੰਘ ਜੋਗੀ ਜੀ ਨੂੰ ਸੌਪ ਦਿੱਤਾ ਗਿਆ। ਮੰਚ ਦੀ ਜਿੰਮੇਵਾਰੀ ਨੂੰ ਨਿਭਾਉਂਦਿਆਂ ਉਹਨਾਂ ਨੇ ਆਪਣੇ ਢੰਗ ਨਾਲ ਉਲੀਕੇ ਪ੍ਰੋਗਰਾਮ ਨੂੰ ਅੱਗੇ ਤੋਰਦਿਆਂ ਸਭ ਤੋਂ ਪਹਿਲਾ ਸੱਦਾ ਅੰਜੂ ਅਮਨਦੀਪ ਗਰੋਵਰ ਜੀ ਨੂੰ ਦਿੱਤਾ। ਉਹਨਾਂ ਨੇ ਬੜੀ ਹੀ ਬਰੀਕੀ ਨਾਲ ਆਪਣੇ ਹਿੱਸੇ ਆਈਆਂ ਕਹਾਣੀਆਂ ਉੱਪਰ ਬਹੁਤ ਗੰਭੀਰਤਾ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ। ਉਸ ਤੋਂ ਬਾਅਦ ਡਾ. ਸੁਰਜੀਤ ਕੌਰ ਭੋਗਪੁਰ ਨੇ ਆਪਣੇ ਹਿੱਸੇ ਦੀਆਂ ਕਹਾਣੀਆਂ ਉੱਪਰ ਗੱਲਬਾਤ ਕਰਦਿਆਂ ਕਿਹਾ ਬੇਸ਼ੱਕ ਕਹਾਣੀਆਂ ਨਿੱਕੀਆਂ ਹਨ ਪਰ ਉਹਨਾਂ ਵਿੱਚ ਜੋ ਸੰਦੇਸ਼ ਦਿੱਤੇ ਗਏ ਉਹ ਬਹੁਤ ਵੱਡੇ ਹਨ। ਉਸ ਤੋਂ ਬਾਅਦ ਗੁਰਚਰਨ ਸਿੰਘ ਜੋਗੀ ਨੇ ਪ੍ਰਿੰਸੀਪਲ ਹਰਸ਼ਰਨ ਕੌਰ ਜੀ ਨੂੰ ਗੱਲਬਾਤ ਕਰਨ ਵਾਸਤੇ ਕਿਹਾ ਤਾਂ ਉਹਨਾਂ ਨੇ ਤਕਰੀਬਨ ਪੱਚੀ ਮਿੰਟਾਂ ਵਿੱਚ ਕਹਾਣੀਆਂ ਦੀ ਡੂੰਘੀ ਪੜਚੋਲ ਕਰਦਿਆਂ ਲੇਖਕਾ ਨੂੰ ਜਿੱਥੇ ਮੁਬਾਰਕਬਾਦ ਦਿੱਤੀ ਉੱਥੇ ਨਾਲ ਹੀ ਕਿਹਾ ਇੰਨੀ ਛੋਟੀ ਉਮਰ ਵਿੱਚ ਐਨੀਆਂ ਵੱਡੀਆਂ ਮੱਲਾਂ ਮਾਰਨੀਆਂ ਸੌਖੀਆਂ ਨਹੀਂ ਹੁੰਦੀਆਂ। ਉਸ ਤੋਂ ਬਾਅਦ ਸਰਬਜੀਤ ਸਿੰਘ ਜਰਮਨੀ ਨੇ ਆਪਣੇ ਹਿੱਸੇ ਦੀਆਂ ਕਹਾਣੀਆਂ ਉੱਪਰ ਗੱਲਬਾਤ ਕਰਦਿਆਂ ਉਹ ਵੀ ਲੇਖਕਾ ਦੀ ਪ੍ਰਸ਼ੰਸਾ ਕਰਨ ਤੋਂ ਰਹਿ ਨਾ ਸਕੀ। ਇੱਕ ਕਹਾਣੀ ਉੱਪਰ ਗੱਲ ਕਰਦਿਆਂ ਉਹ ਆਪ ਵੀ ਭਾਵਿਕ ਹੋ ਗਏ ਸਨ। ਉਸ ਤੋਂ ਬਾਅਦ ਪੋਲੀ ਬਰਾੜ ਜੀ ਨੇ ਆਪਣੇ ਹਿੱਸੇ ਦੀਆਂ ਕਹਾਣੀਆਂ ਉੱਪਰ ਜਦੋਂ ਗੱਲ ਕੀਤੀ ਤਾਂ ਬੜੀ ਹੀ ਗੰਭੀਰਤਾ ਨਾਲ ਉਹਨਾਂ ਨੇ ਕਹਾਣੀਆਂ ਨੂੰ ਵਾਚਦਿਆਂ ਕਈ ਸੁਝਾਅ ਵੀ ਦਿੱਤੇ ਅਤੇ ਨਾਲ ਹੀ ਉਹਨਾਂ ਨੂੰ ਹੱਲਾ-ਸ਼ੇਰੀ ਦਿੰਦਿਆਂ ਆਖਿਆ ਇਹ ਕਦਮ ਇਹ ਕਲਮ ਇੱਥੇ ਰੁੱਕਣੀ ਨਹੀਂ ਚਾਹੀਦੀ। ਇਸ ਕਲਮ ਤੋਂ ਹੋਰ ਵੀ ਬਹੁਤ ਵੱਡੀਆਂ ਉਮੀਦਾਂ ਹਨ। ਪੋਲੀ ਬਰਾੜ ਜੀ ਨੇ ਇਸ ਮੰਚ ਵਿੱਚ ਆਏ ਸਾਰੇ ਬੁੱਧੀ-ਜੀਵੀਆਂ ਦਾ ਧੰਨਵਾਦ ਵੀ ਕੀਤਾ। ਗੁਰਚਰਨ ਸਿੰਘ ਜੋਗੀ ਨੇ ਪ੍ਰੋਗਰਾਮ ਦੇ ਅੰਤ ਵਿੱਚ ਮੰਚ ਦੇ ਸਰਪ੍ਰਸਤ ਬਿੰਦਰ ਕੋਲੀਆਂ ਵਾਲ ਨੂੰ ਸੱਦਾ ਦੇਂਦਿਆਂ ਪ੍ਰੋਗਰਾਮ ਦੀ ਸਮਾਪਤੀ ਕਰਨ ਨੂੰ ਕਿਹਾ। ਬਿੰਦਰ ਕੋਲੀਆਂ ਵਾਲ ਨੇ ਮੰਚ ਵਿੱਚ ਹਾਜ਼ਰ ਸਾਰੇ ਹੀ ਬੁੱਧੀਜੀਵੀਆਂ ਦਾ ਫਿਰ ਧੰਨਵਾਦ ਕੀਤਾ ਅਤੇ ਨਾਲ ਹੀ ਕਿਹਾ ਕਿ ਇਹੋ ਜਿਹੇ ਉਪਰਾਲੇ ਅਕਸਰ ਹੀ ਕਰਦੇ ਰਹਿਣਾ ਚਾਹੀਦਾ ਹੈ। ਜਿਸ ਨਾਲ ਲੇਖਕ,ਲੇਖਕਾਵਾਂ ਨੂੰ ਹੌਸਲਾ ਮਿਲਦਾ ਰਹੇ ਤਾਂ ਜੋ ਉਹ ਆਪਣੀ ਮੰਜ਼ਿਲ ਵੱਲ ਇਸੇ ਤਰ੍ਹਾਂ ਵੱਧਦੇ ਰਹਿਣ।

