
ਕੋਟਕਪੂਰਾ 31 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਡਿਪਾਰਟਮੈਂਟ ਆਫ ਫ਼ਾਇਨੈਂਸ਼ਲ ਸਰਵਿਸਿਜ਼ ਦੇ ਡਾਇਰੈਕਟਰ ਰੋਹਨ ਚੰਦ ਠਾਕੁਰ ਅਤੇ ਟੈਕਨੀਕਲ ਅਫਸਰ ਵਿਜੈ ਸਿੰਘ ਮੀਣਾ ਵੱਲੋਂ ਅੱਜ ਜਲ ਸ਼ਕਤੀ ਅਭਿਆਨ ਕੈਚ ਦ ਰੇਨ – 2025 ਦੇ ਤਹਿਤ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਢਿੱਲਵਾਂ ਕਲਾਂ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਅਧਿਕਾਰੀਆਂ ਨੇ ਪਿੰਡ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਪਾਣੀ ਦੀ ਗੁਣਵੱਤਾ ਦੀ ਜਾਂਚ ਕੀਤੀ। ਇਸ ਤੋਂ ਇਲਾਵਾ, ਉਹਨਾਂ ਨੇ ਮੀਂਹ ਦੇ ਪਾਣੀ ਨੂੰ ਇੱਕਠਾ ਕਰਨਾ, ਪਾਣੀ ਸੰਭਾਲ ਕਾਰਜਾਂ ਅਤੇ ਜਲ ਸਰੋਤਾਂ ਦੀ ਸੁਰੱਖਿਆ ਨਾਲ ਸੰਬੰਧਿਤ ਪ੍ਰੋਜੈਕਟਾਂ ਦਾ ਵੀ ਨਿਰੀਖਣ ਕੀਤਾ। ਰੋਹਨ ਚੰਦ ਠਾਕੁਰ ਨੇ ਕਿਹਾ ਕਿ ਪਾਣੀ ਦੀ ਸੰਭਾਲ ਕਰਨਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਅਤੇ ਮੀਂਹ ਦੇ ਪਾਣੀ ਨੂੰ ਸੰਭਾਲਣਾ ਆਉਣ ਵਾਲੀਆਂ ਪੀੜ੍ਹੀਆਂ ਲਈ ਸਭ ਤੋਂ ਵੱਡਾ ਨਿਵੇਸ਼ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਤੇ ਪਿੰਡ ਪੱਧਰ ‘ਤੇ ਰੈਨ ਵਾਟਰ ਹਾਰਵੈਸਟਿੰਗ ਪ੍ਰਣਾਲੀਆਂ ਅਪਣਾਉਣ ਤੇ ਇਸ ਅਭਿਆਨ ਨੂੰ ਸਫ਼ਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਜਲ ਸਪਲਾਈ ਤੇ ਸੈਨਿਟੇਸ਼ਨ ਵਿਭਾਗ ਦੇ ਅਧਿਕਾਰੀ, ਸਥਾਨਕ ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਵੀ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਪੀਣ ਵਾਲੇ ਪਾਣੀ ਦੀ ਗੁਣਵੱਤਾ ਤੇ ਸੰਭਾਲ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਐਕਸੀਅਨ ਸ਼ਮਿੰਦਰ ਸਿੰਘ ਜਲ ਸਪਲਾਈ ਅਤੇ ਸੈਨੀਟੇਸ਼ਨ ਐਸਡੀਓ ਅਮਨ ਜਿੰਦਲ, ਜੇ.ਈ. ਹਿਮਾਂਸੂ ਮਿੱਤਲ, ਬਲਾਕ ਕੋਆਰੀਨੇਟਰ ਗੁਰਤੇਜ ਸਿੰਘ, ਬੀਡੀਓ, ਐਸਡੀਓ ਗੁਰਜੀਤ ਸਿੰਘ ਨਹਿਰੀ ਵਿਭਾਗ ਤੋਂ ਇਲਾਵਾ ਹੋਰ ਹਾਜ਼ਰ ਸਨ।
