ਅਵਤਾਰ ਸਿੰਘ ਡੀ.ਐਸ.ਪੀ. ਫਰੀਦਕੋਟ ਨੇ ਮੈਰਾਥਨ ਨੂੰ ਦਿੱਤੀ ਹਰੀ ਝੰਡੀ

ਕੋਟਕਪੂਰਾ, 31 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਰਦਾਰ ਵੱਲਭ ਭਾਈ ਪਟੇਲ ਦੇ 150ਵੇਂ ਜਨਮ ਦਿਵਸ ਨੂੰ ਰਾਸ਼ਟਰੀ ਏਕਤਾ ਦਿਵਸ ਵੱਜੋਂ ਮਨਾਉਦੇ ਹੋਏ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਸ਼ਹਿਰ ਅੰਦਰ ‘ਰਨ ਫੌਰ ਯੂਨਿਟੀ’ ਮੈਰਾਥਨ ਦਾ ਆਯੋਜਨ ਕਰਵਾਇਆ ਗਿਆ। ਜਿਸ ਵਿੱਚ ਬੱਚਿਆ ਸਮੇਤ ਸੈਕੜੇ ਦੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ। ਇਸ ਮੈਰਾਥਨ ਦੀ ਸ਼ੁਰੂਆਤ ਅਵਤਾਰ ਸਿੰਘ ਡੀ.ਐਸ.ਪੀ. (ਇੰਨਵੈਸਟੀਗੇਸ਼ਨ) ਫਰੀਦਕੋਟ ਨੇ ਹਰੀ ਝੰਡੀ ਦਿਖਾ ਕੇ ਕੀਤੀ। ਇਹ ਮੈਰਾਥਨ ਨਹਿਰੂ ਸਟੇਡੀਅਮ ਫਰੀਦਕੋਟ ਤੇ ਸ਼ੁਰੂ ਹੋ ਕੇ ਸੇਠੀ ਚੌਕ ਹੁੰਦੇ ਹੋਏ ਕੋਟਕਪੂਰਾ ਰੋਡ ਪਰ ਪੁਲਿਸ ਲਾਈਨ ਦੇ ਸਾਹਮਣੇ ਨਹਿਰ ਪੁੱਲ ਪਰ ਸਮਾਪਤ ਹੋਈ। ਇਸ ਵਿੱਚ ਸਕੂਲੀ ਬੱਚਿਆਂ, ਖਿਡਾਰੀਆਂ, ਸਾਬਕਾ ਸੈਨਿਕਾ, ਐਨ.ਜੀ.ਓ. ਸੰਸਥਾਵਾ ਦੇ ਨੁਮਾਇਦਿਆ ਸਮੇਤ ਪੁਲਿਸ ਕਰਮਚਾਰੀਆ ਨੇ ਭਾਰੀ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਮੈਰਾਥਨ ਵਿੱਚ ਭਾਗ ਲੈਣ ਵਾਲੇ ਭਾਗੀਦਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਮੈਰਾਥਾਨ ਵਿੱਚ ਹਿੱਸਾ ਲੈਣਾ ਉਸਦਾ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਦੇਣ ਦਾ ਤਰੀਕਾ ਹੈ, ਕਿਉਂਕਿ ਉਨ੍ਹਾਂ ਨੇ ਦੇਸ਼ ਦੀ ਏਕਤਾ ਲਈ ਆਪਣਾ ਸਾਰਾ ਜੀਵਨ ਸਮਰਪਿਤ ਕੀਤਾ। ਇਸ ਵਿੱਚ ਭਾਗ ਲੈਣ ਵਾਲੇ ਜਿਲ੍ਹਾ ਵਾਸੀਆਂ ਨੇ ਕਿਹਾ ਕਿ “ਰਨ ਫੋਰ ਯੂਨਿਟੀ”ਸਿਰਫ ਏਕਤਾ ਦਾ ਪ੍ਰਤੀਕ ਹੀ ਨਹੀਂ, ਸਗੋਂ ਇਹ ਸਰੀਰਕ ਤੰਦਰੁਸਤੀ ਲਈ ਪ੍ਰੇਰਣਾ ਦਾ ਸਰੋਤ ਵੀ ਹੈ। ਅਵਤਾਰ ਸਿੰਘ ਡੀ.ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਨੇ ਇਸ ਮੌਕੇ ਕਿਹਾ ਕਿ ਅੱਜ ਰਾਸ਼ਟਰੀ ਏਕਤਾ ਦਿਵਸ ਦੇ ਮੱਦੇਨਜਰ ਜਿਲ੍ਹਾ ਫਰੀਦਕੋਟ ਦੀ ਪੁਲਿਸ ਵੱਲੋ ਐਨ.ਜੀ.ਓਜ. ਦੇ ਸਹਿਯੋਗ ਨਾਲ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਨੂੰ ਮੁੱਖ ਰੱਖਦੇ ਹੋਏ ਵਿਸ਼ਾਲ ਮੈਰਾਥਨ ਦਾ ਆਯੋਜਨ ਕੀਤਾ ਗਿਆ ਹੈ। ਉਹਨਾ ਦੱਸਿਆ ਕਿ ਇਸ ਵਿੱਚ ਕਰੀਬ 400 ਬੱਚਿਆ ਨੇ ਵੀ ਭਾਗ ਲਿਆ ਹੈ, ਜੋ ਸ਼ਹਿਰ ਵਿੱਚ ਦੀ ਹੁੰਦੇ ਹੋਏ ਨਹਿਰ ਪੁੱਲ ਤੱਕ ਕਰਵਾਈ ਗਈ। ਉਹਨਾ ਕਿਹਾ ਕਿ ਇਸ ਤਰ੍ਹਾ ਦੇ ਸਮਾਗਮ ਨਾ ਸਿਰਫ ਸਰੀਰਕ ਤੰਦਰੁਸਤੀ ਲਈ ਫਾਇਦੇਮੰਦ ਹਨ, ਸਗੋਂ ਇਹ ਇੱਕ ਮਜ਼ਬੂਤ ਸੁਨੇਹਾ ਵੀ ਹੈ ਕਿ ਨਸ਼ਿਆਂ ਤੋਂ ਦੂਰ ਰਹਿਣਾ ਸਾਡੀ ਸਿਹਤ ਅਤੇ ਭਵਿੱਖ ਲਈ ਬਹੁਤ ਜ਼ਰੂਰੀ ਹੈ। ਇਸ ਸਬੰਧੀ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦੋਕਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੈਰਾਥਾਨ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਵਿੱਚ ਏਕਤਾ, ਭਾਈਚਾਰਿਕ ਸਾਂਝ ਅਤੇ ਦੇਸ਼-ਪ੍ਰੇਮ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਹੈ, ਤਾਂ ਜੋ ਹਰ ਨਾਗਰਿਕ ਦੇਸ਼ ਦੀ ਤਰੱਕੀ ਅਤੇ ਸਮਾਜਿਕ ਸਾਂਝ ਲਈ ਆਪਣਾ ਯੋਗਦਾਨ ਪਾਏ। ਇਸ ਦੇ ਨਾਲ ਹੀ ਉਹਨਾ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਨਾ ਸਿਰਫ਼ ਸਰੀਰਕ ਤੰਦਰੁਸਤੀ ਵੱਲ ਪ੍ਰੇਰਿਤ ਕਰਦੇ ਹਨ, ਸਗੋਂ ਇਹ ਲੋਕਾਂ ਨੂੰ ਸਰਦਾਰ ਵੱਲਭਭਾਈ ਪਟੇਲ ਦੇ ਏਕਤਾ ਦੇ ਸੁਨੇਹੇ ਨਾਲ ਵੀ ਜੋੜਦੇ ਹਨ। ਇਸ ਮੌਕੇ ਜਿਲਾ ਖੇਡ ਅਫਸਰ ਬਲਜਿੰਦਰ ਸਿੰਘ ਸਮੇਤ ਖੇਡ ਵਿਭਾਗ ਦੇ ਅਧਿਕਾਰੀ, ਜਿਲ੍ਹੇ ਦੀਆ ਐਨ.ਜੀ.ਓ. ਦੇ ਨੁਮਾਇਦੇ, ਮੋਹਤਵਾਰ ਵਿਅਕਤੀਆ ਸਮੇਤ ਸਾਂਝ ਸਟਾਫ ਦੇ ਅਧਿਕਾਰੀਆ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ।
