ਫਰੀਦਕੋਟ 06 ਨਵੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਸ਼ਹਿਰ ਦੇ ਇਕਲੋਤੇ ਨਹਿਰੂ ਸਟੇਡੀਅਮ ਦੀ ਬੇਹੱਦ ਨਾਜ਼ੁਕ ਨੂੰ ਲੈ ਕੇ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਰਸ਼ ਸੱਚਰ ਵੱਲੋਂ ਮੁੱਖ ਮੰਤਰੀ ਪੰਜਾਬ ਜੀ ਨੂੰ ਦੂਜਾ ਲਿਖਤੀ ਪੱਤਰ ਪਹਿਲੇ ਪੱਤਰ ਦੀ ਯਾਦ ਦਿਵਾਉਣ ਲਈ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ਕਿਹਾ ਕਿ ਸਟੇਡੀਅਮ ‘ਚ ਬੱਤੀਆਂ ਨਾ ਹੋਣ ਕਾਰਨ ਸ਼ਾਮ ਸਵੇਰ ਦੀ ਪ੍ਰੈਕਟਿਸ ਬੰਦ ਹੋ ਗਈ ਹੈ ਜੇਕਰ ਕੋਈ ਖਿਡਾਰੀ ਖੇਡਣ ਆਉਂਦੇ ਨੇ ਤਾਂ ਉਹ ਹਨੇਰੇ ‘ਚ ਭਾਰੀ ਜੋਖ਼ਿਮ ਨਾਲ ਅਭਿਆਸ ਕਰਨ ‘ਤੇ ਮਜ਼ਬੂਰ ਹਨ। ਸਟੇਡੀਅਮ ਵਿੱਚ ਸਫਾਈ, ਸੁਰੱਖਿਆ ਅਤੇ ਬੇਸਿਕ ਸੁਵਿਧਾਵਾਂ ਦੀ ਭਾਰੀ ਕਮੀ ਹੈ। ਵਾਸ਼ਰੂਮ ਤੇ ਮੁਰੰਮਤ ਦੀ ਹਾਲਤ ਬੇਹੱਦ ਖਰਾਬ ਹੈ।
ਸੋ ਇਸ ਪੱਤਰ ਰਾਹੀਂ ਅਰਸ਼ ਸੱਚਰ ਨੇ ਕਿਹਾ ਕਿ ਨਹਿਰੂ ਸਟੇਡੀਅਮ ਦੀ ਮੌਜੂਦਾ ਬੇਹਾਲ ਹਾਲਤ ਨਾ ਸਿਰਫ਼ ਖਿਡਾਰੀਆਂ ਦੇ ਮਨੋਬਲ ਨੂੰ ਤੋੜ ਰਿਹਾ ਹੈ ਬਲਕਿ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਅਤੇ ਭਰੋਸੇ ਨੂੰ ਵੀ ਘਟਾ ਰਿਹਾ ਹੈ। ਸਰਕਾਰ ਦਾ ਇਹ ਫਰਜ਼ ਬਣਦਾ ਹੈ ਕਿ ਨੌਜਵਾਨ ਖਿਡਾਰੀਆਂ ਨੂੰ ਵਧੀਆ ਸੁਵਿਧਾਵਾਂ ਅਤੇ ਸੁਰੱਖਿਅਤ ਮਹੌਲ ਪ੍ਰਦਾਨ ਕਰੇ, ਤਾਂ ਜੋ ਫਰੀਦਕੋਟ ਵਰਗੇ ਜ਼ਿਲ੍ਹੇ ਤੋਂ ਵੀ ਰਾਸ਼ਟਰੀ ਪੱਧਰ ਦੇ ਹੀਰੇ ਨਿੱਖਰ ਸਕਣ। ਉਹਨਾਂ ਅੱਗੇ ਕਿਹਾ ਕਿ ਸਾਡੀ ਸਰਕਾਰ ਨੌਜਵਾਨਾਂ ਅਤੇ ਖਿਡਾਰੀਆਂ ਦੀ ਤਰੱਕੀ ਲਈ ਵਚਨਬੱਧ ਹੈ। ਪਰ ਮੈਦਾਨੀ ਪੱਧਰ ਤੇ ਹਾਲਾਤ ਕਬੂਲਯੋਗ ਨਹੀਂ। ਫਰੀਦਕੋਟ ਦੇ ਖਿਡਾਰੀਆਂ ਦਾ ਮਨੋਬਲ ਟੁੱਟਣ ਨਹੀਂ ਦਿੱਤਾ ਜਾਵੇਗਾ। ਅਸੀਂ ਇਹ ਸੁਨਿਸ਼ਚਤ ਕਰਾਂਗੇ ਕਿ ਨੇਹਰੂ ਸਟੇਡੀਅਮ ਦੇ ਹਾਲਾਤਾਂ ਨੂੰ ਤੁਰੰਤ ਠੀਕ ਕੀਤਾ ਜਾਵੇ।
ਅਹਿਮ ਮੰਗਾਂ
1- 7 ਦਿਨਾਂ ‘ਚ ਸਟੇਡਿਯਮ ਦੀ ਲਾਇਟਿੰਗ ਬਹਾਲ ਹੋਵੇ
2- ਸਫਾਈ ਦਸਤਾਵੇਜ਼ੀ ਲਾਗਬੁੱਕ ਨਾਲ ਰੋਜ਼ਾਨਾ ਸਫਾਈ ਸਟਾਫ਼ ਤੈਨਾਤ ਹੋਵੇ
3- ਵਾਸ਼ਰੂਮ ਅਤੇ ਸੁਰੱਖਿਆ ਸੁਵਿਧਾਵਾਂ ਤੁਰੰਤ ਠੀਕ ਹੋਣ
4- 15 ਦਿਨਾਂ ‘ਚ ਐਕਸ਼ਨ ਟੇਕਨ ਰਿਪੋਰਟ ਜਨਤਕ ਹੋਵੇ
5- ਖੇਡ ਵਿਭਾਗ ਦੀ ਮੌਕਾ ਜਾਂਚ ਟੀਮ ਭੇਜੀ ਜਾਵੇ
ਅਰਸ਼ ਸੱਚਰ ਨੇ ਅੰਤ ਵਿੱਚ ਕਿਹਾ ਕਿ ਇਹ ਮਸਲਾ ਕਿਸੇ ਵਿਅਕਤੀ ਦਾ ਨਹੀਂ, ਫਰੀਦਕੋਟ ਦੇ ਭਵਿੱਖ — ਸਾਡੇ ਨੌਜਵਾਨਾਂ ਦਾ ਹੈ।

