ਪਟਿਆਲਾ 6 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਾਹਕਾਰ ਪੇਂਟਿੰਗ ਬਣਾਉਣ ਵਾਲਾ ਚਿਤਰਕਾਰ ਗੋਬਿੰਦਰ ਸਿੰਘ ਸੋਹਲ 3 ਨਵੰਬਰ 2025 ਨੂੰ ਅਣਗੌਲਿਆਂ ਹੀ ਸਵਰਗ ਸਿਧਾਰ ਗਿਆ। ਉਹ ਲੰਬੇ ਸਮੇਂ ਤੋਂ ਅੱਖਾਂ ਅਤੇ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸੀ। ਆਰਥਿਕ ਮਜ਼ਬੂਰੀਆਂ ਕਰਕੇ ਉਸਨੂੰ ਬਿਹਤਰੀਨ ਇਲਾਜ ਨਹੀਂ ਮਿਲ ਸਕਿਆ। ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਸੰਸਥਾਵਾਂ ਅਤੇ ਪੰਜਾਬ ਸਰਕਾਰ ਨੇ ਪਰਿਵਾਰ ਦੀ ਬਾਂਹ ਨਹੀਂ ਫੜ੍ਹੀ। ਗੋਬਿੰਦਰ ਸੋਹਲ 68 ਸਾਲ ਦਾ ਸੀ। ਉਸਦੇ ਸਵਰਗਵਾਸ ਹੋ ਜਾਣ ‘ਤੇ ਅਮਰਜੀਤ ਸਿੰਘ ਵੜੈਚ ਸਾਬਕਾ ਸਟੇਸ਼ਨ ਡਾਇਰੈਕਟਰ ਆਲ ਇੰਡੀਆ ਰੇਡੀਓ ਪਟਿਆਲਾ ਅਤੇ ਉਜਾਗਰ ਸਿੰਘ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਹੈ ਕਿ ਕਲਾ ਜਗਤ ਵਿੱਚ ਗੋਬਿੰਦਰ ਸੋਹਲ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ। ਉਹ ਆਪਣੇ ਪਿੱਛੇ ਪਤਨੀ ਸੀਮਾ ਸੋਹਲ ਅਤੇ ਦੋਵੇਂ ਅਣਵਿਆਹੇ ਬੱਚੇ ਲੜਕੀ ਸੀਰਤ ਸੋਹਲ ਅਤੇ ਲੜਕਾ ਅੰਗਦ ਸੋਹਲ ਨੂੰ ਛੱਡ ਗਏ ਹਨ। ਅੱਜ ਉਨ੍ਹਾਂ ਦਾ ਤ੍ਰਿਪੜੀ ਸ਼ਮਸ਼ਾਨ ਘਾਟ ਵਿੱਚ ਅੰਤਮ ਸਸਕਾਰ ਪੂਰੇ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਕਰ ਦਿੱਤਾ ਗਿਆ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਡਾਕਟਰ, ਵਕੀਲ, ਅਦਾਕਾਰ, ਕਲਾਕਾਰ, ਚਿਤਰਕਾਰ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਹੋਈਆਂ, ਜਿਨ੍ਹਾਂ ਵਿੱਚ ਵਿਨੋਦ ਕੌਸ਼ਲ ਪ੍ਰਧਾਨ ਪਟਿਆਲਾ ਥੇਟਰ ਫੋਰਮ, ਗੁਰਨੇਕ ਸਿੰਘ ਭੱਟੀ ਜਨਰਲ ਸਕੱਤਰ, ਨਵਲ ਕਿਸ਼ੋਰ, ਸਾਹਿਤਕਾਰ ਬਲਵਿੰਦਰ ਸਿੰਘ ਭੱਟੀ, ਜਗਜੀਤ ਸਿੰਘ ਸੱਗੂ ਪ੍ਰਧਾਨ ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ, ਅਮਰਜੀਤ ਸਿੰਘ ਰਾਮਗੜ੍ਹੀਆ, ਭਗਵਾਨ ਸ੍ਰੀ ਵਿਸ਼ਕਰਮਾ ਮੰਦਰ ਕਮੇਟੀ, ਅਵਤਾਰ ਸਿੰਘ ਨਨਹੇੜਾ ਪ੍ਰਧਾਨ ਕੰਬਾਈਨ ਐਂਡ ਐਗਰੀਕਲਚਰ ਇਮਪਲੀਮੈਂਟਸ ਵੈਲਫੇਅਰ ਐਸੋਸੀਏਸ਼ਨ ਨਾਭਾ ਸ਼ਾਮਲ ਹਨ। ਚਿਖਾ ਨੂੰ ਅਗਨੀ ਗਵਿੰਦਰ ਸੋਹਲ ਦੇ ਸਪੁੱਤਰ ਅੰਗਦ ਸੋਹਲ ਨੇ ਵਿਖਾਈ। ਅੰਤਮ ਅਰਦਾਸ 15 ਨਵੰਬਰ ਨੂੰ ਪਿੰਡ ਬਾਰਨ ਵਿਖੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ।

