ਕੋਟਕਪੂਰਾ, 6 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਸੱਭਿਆਚਾਰ ਮਾਮਲੇ ਵਿਭਾਗ ਪੰਜਾਬ ਸਰਕਾਰ ਵੱਲੋਂ ਆਯੋਜਿਤ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਹੋਰ ਸ਼ਹੀਦਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੀਆਂ ਮਹਾਨ ਸ਼ਹਾਦਤਾਂ ਨੂੰ ਸਮਰਪਿਤ ‘ਲਾਈਟ ਐਂਡ ਸਾਊਂਡ ਸਮਾਗਮ’ ਵਿੱਚ, ਜੋ ਕਿ 8 ਨਵੰਬਰ 2025 (ਸ਼ਨੀਵਾਰ) ਨੂੰ ਸ਼ਾਮ 6:00 ਵਜੇ ਤੋਂ 8:00 ਵਜੇ ਤੱਕ ਨਹਿਰੂ ਸਟੇਡੀਅਮ, ਫ਼ਰੀਦਕੋਟ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ ਵਿੱਚ ਜਿਲ੍ਹਾ ਵਾਸੀਆਂ ਨੂੰ ਵੱਧ ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ। ਸਪੀਕਰ ਸੰਧਵਾਂ ਨੇ ਕਿਹਾ ਕਿ ਇਹ ਇਸ ਵਿਸ਼ੇਸ਼ ਸਮਾਗਮ ਦਾ ਉਦੇਸ਼ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੇ ਹੋਰ ਮਹਾਨ ਸ਼ਹੀਦਾਂ ਦੀਆਂ ਬੇਮਿਸਾਲ ਕੁਰਬਾਨੀਆਂ ਅਤੇ ਸ਼ਹਾਦਤ ਨੂੰ ਜੀਵੰਤ ਢੰਗ ਨਾਲ ਪ੍ਰਗਟ ਕਰਨਾ ਹੈ। ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਰੌਸ਼ਨੀ ਤੇ ਧੁਨੀਆਂ ਦੇ ਸੰਗਮ ਰਾਹੀਂ ਸਿੱਖ ਇਤਿਹਾਸ ਦੇ ਮਹੱਤਵਪੂਰਣ ਪਲਾਂ ਨੂੰ ਦਰਸਾਇਆ ਜਾਵੇਗਾ। ਸ੍ਰ. ਸੰਧਵਾਂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਮਰ ਬਲਿਦਾਨ ਦੀ ਪ੍ਰਤੀਕ ਹੈ, ਜਿਸ ਨੇ ਮਨੁੱਖਤਾ, ਧਰਮ ਅਤੇ ਨੈਤਿਕਤਾ ਦੀ ਰੱਖਿਆ ਲਈ ਆਪਣਾ ਜੀਵਨ ਨਿਓਛਾਵਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਅਤੇ ਸੱਭਿਆਚਾਰ ਨਾਲ ਜੋੜਨ ਦਾ ਮਹੱਤਵਪੂਰਣ ਯਤਨ ਹੈ। ਸਪੀਕਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰ ਸਮੇਤ ਇਸ ਕ ਸਮਾਗਮ ਵਿੱਚ ਸ਼ਮੂਲੀਅਤ ਕਰਕੇ ਸ਼ਹੀਦਾਂ ਪ੍ਰਤੀ ਆਪਣੀ ਸ਼ਰਧਾਂਜਲੀ ਪ੍ਰਗਟ ਕਰਨ ਅਤੇ ਇਸ ਇਤਿਹਾਸਕ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।

