ਗੁਰਪੁਰਬ, ਰੁਹਾਨੀ ਚਾਨਣ ਤੇ ਸੇਵਾ ਦਾ ਦਿਹਾੜਾ : ਸ਼ਿ੍ਰਸ਼ਟੀ ਸ਼ਰਮਾ
ਕੋਟਕਪੂਰਾ, 6 ਨਵੰਬਰ (ਟਿੰਕੂ ਕਮੁਾਰ/ਵਰਲਡ ਪੰਜਾਬੀ ਟਾਈਮਜ਼)
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਡਾ. ਰਵਿੰਦਰ ਕਾਨਵੈਂਟ ਸਕੂਲ ਮੱਲਾ ਰੋਡ, ਬਾਜਾਖਾਨਾ ਵਿਖੇ ਸ਼ਰਧਾ ਪੂਰਵਕ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਪਿ੍ਰੰਸੀਪਲ ਸ਼੍ਰੀਮਤੀ ਸ੍ਰਿਸ਼ਟੀ ਸ਼ਰਮਾ ਨੇ ਬੱਚਿਆਂ ਨੂੰ ਦੱਸਿਆ ਕਿ ਗੁਰਪੁਰਬ ਸਾਨੂੰ ਗੁਰੂਆਂ ਦੀ ਸਿੱਖਿਆ ਸੱਚਾਈ, ਸੇਵਾ, ਸਮਾਨਤਾ ਅਤੇ ਪਿਆਰ ਨੂੰ ਆਪਣੀ ਜ਼ਿੰਦਗੀ ਵਿਚ ਉਤਾਰਨ ਦੀ ਪ੍ਰੇਰਣਾ ਦਿੰਦਾ ਹੈ। ਉਹਨਾ ਦੱਸਿਆ ਕਿ ਸਾਨੂੰ ਸਾਡੇ ਗੁਰੂਆਂ ਵਲੋਂ ਦਰਸਾਏ ਗਏ ਮਾਰਗਾਂ ਉਪਰ ਚੱਲਣਾ ਚਾਹੀਦਾ ਹੈ। ਉਹਨਾ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨੇ ਮਾਨਵਤਾ ਦੀ ਭਲਾਈ ਲਈ ਨਾਮ ਜਪੋ, ਵੰਡ ਛਕੋ ਅਤੇ ਕਿਰਤ ਦਾ ਸੁਨੇਹਾ ਵੀ ਸਮੁੱਚੀ ਮਨੁੱਖਤਾ ਨੂੰ ਦਿੱਤਾ। ਇਸ ਦਿਨ ਗੁਰਦੁਆਰਿਆਂ ਵਿੱਚ ਨਗਰ ਕੀਰਤਨ ਕੱਢੇ ਜਾਂਦੇ ਹਨ, ਲੰਗਰ ਸਜਾਇਆ ਜਾਂਦਾ ਹੈ ਅਤੇ ਸੰਗਤ ਇਕੱਠੀ ਹੋ ਕੇ ਗੁਰੂ ਦੀ ਬਾਣੀ ਦਾ ਰਸ ਮਾਣਦੀ ਹੈ। ਗੁਰੂ ਨਾਨਕ ਦੇਵ ਜੀ ਨੇ ‘ਨਾਨਕ ਨਾਮ ਚੜ੍ਹਦੀਕਲਾ, ਤੇਰੇ ਭਾਣੇ ਸਰਬੱਤ ਦਾ ਭਲਾ’ ਦਾ ਸੰਦੇਸ਼ ਦਿੱਤਾ ਸੀ, ਜੋ ਮਨੁੱਖਤਾ ਦੀ ਏਕਤਾ ਦਾ ਆਧਾਰ ਹੈ। ਅੱਜ ਦੇ ਸਮੇਂ ਵਿੱਚ ਜਦੋਂ ਦੁਨੀਆ ਵੰਡਾਂ ਤੇ ਨਫਰਤਾਂ ਦਾ ਸ਼ਿਕਾਰ ਹੈ, ਗੁਰਪੁਰਬ ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਅਸਲ ਖੁਸ਼ੀ ਸਿਰਫ਼ ਸਾਂਝ, ਪਿਆਰ ਤੇ ਸੇਵਾ ਵਿੱਚ ਹੈ। ਗੁਰੂ ਦੇ ਰਾਹਾਂ ’ਤੇ ਚੱਲ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਪ੍ਰਕਾਸ਼ਮਾਨ ਬਣਾ ਸਕਦੇ ਹਾਂ। ਗੁਰਪੁਰਬ ਸਿਰਫ਼ ਇੱਕ ਤਿਉਹਾਰ ਨਹੀਂ ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਅੰਦਰਲੇ ਅੰਧਕਾਰ ਨੂੰ ਸਿਰਫ਼ ਗੁਰੂ ਦੀ ਬਾਣੀ ਦੇ ਰਾਹੀ ਰੌਸ਼ਨੀ ਮਿਲ ਸਕਦੀ ਹੈ। ਇਸ ਮੌਕੇ ਸਕੂਲ ਮੁਖੀ ਸਰਦਾਰ ਹਰਗੋਬਿੰਦ ਸਿੰਘ, ਪ੍ਰਿੰਸੀਪਲ ਸ਼੍ਰੀਮਤੀ ਸ੍ਰਿਸ਼ਟੀ ਸ਼ਰਮਾ ਸਮੇਤ ਸਮੂਹ ਸਟਾਫ਼ ਹਾਜ਼ਰ ਸੀ। ਗੁਰਪੁਰਬ ਸਿੱਖ ਧਰਮ ਦਾ ਸਭ ਤੋਂ ਪਵਿੱਤਰ ਤੇ ਖੁਸ਼ੀ ਭਰਾ ਦਿਹਾੜਾ ਹੁੰਦਾ ਹੈ। ਇਹ ਸਿਰਫ਼ ਗੁਰੂ ਸਾਹਿਬ ਦੇ ਜਨਮ ਦਿਨ ਜਾਂ ਪ੍ਰਕਾਸ਼ ਪੁਰਬ ਦੀ ਯਾਦ ਨਹੀਂ, ਸਗੋਂ ਰੂਹਾਨੀ ਚਾਨਣ ਦਾ ਪ੍ਰਤੀਕ ਹੈ।

