ਫਰੀਦਕੋਟ 8 ਨਵੰਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਸਮਾਜਿਕ ਅਤੇ ਸਭਿਆਚਾਰਕ ਵਿਕਾਸ ਲਈ ਯਤਨਸ਼ੀਲ ਦੇਸ਼ ਦੀ ਪ੍ਰਮੁੱਖ ਸੰਸਥਾ ਇੰਡਿਕ ਆਰਟਸ ਵੈਲਫੇਅਰ ਕੌਂਸਲ ਵੱਲੋਂ ਪੰਜਾਬ ਐਂਡ ਹਰਿਆਣਾ ਮਾਨਯੋਗ ਹਾਈ ਕੋਰਟ ਦੇ ਤਜਰਬੇਕਾਰ ਐਡਵੋਕੇਟ ਅਤੇ ਉੱਘੇ ਸਮਾਜ ਸੇਵੀ ਸ਼੍ਰੀ ਰਵਿੰਦਰ ਚੌਧਰੀ ਨੂੰ ਸੰਸਥਾ ਦੇ ‘ਰਾਜ ਕਾਨੂੰਨੀ ਸਲਾਹਕਾਰ ਬੋਰਡ’ ਦੇ ਪ੍ਰਮੁੱਖ ਨਿਯੁਕਤ ਕੀਤਾ ਗਿਆ ਹੈ ।
ਇਹ ਨਿਯੁਕਤੀ ਸੰਸਥਾ ਦੀਆਂ ਸਾਰੀਆਂ ਕਾਨੂੰਨੀ, ਪ੍ਰਸ਼ਾਸਕੀ ਅਤੇ ਨੀਤੀ ਸੰਬੰਧੀ ਸੇਵਾਵਾਂ ਲਈ ਕੀਤੀ ਗਈ ਹੈ, ਤਾਂ ਜੋ ਸੰਸਥਾ ਨੂੰ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਜਾਂ ਪ੍ਰਸ਼ਾਸਕੀ ਮੁਸ਼ਕਲ ਦਾ ਪੇਸ਼ੇਵਰ ਤੇ ਨਿਰਪੱਖ ਹੱਲ ਮਿਲ ਸਕੇ।
ਸੰਸਥਾ ਵੱਲੋਂ ਉਨ੍ਹਾਂ ਦਾ ਮਾਣ ਤੇ ਸਤਿਕਾਰ ਨਾਲ ਸਵਾਗਤ ਕੀਤਾ ਗਿਆ।
ਸੰਸਥਾ ਦੇ ਚੇਅਰਮੈਨ ਪ੍ਰੋ. ਬਾਈ ਭੋਲਾ ਯਮਲਾ ਨੇ ਕਿਹਾ ਕਿ ਸ੍ਰੀ ਰਵਿੰਦਰ ਚੌਧਰੀ ਵਰਗੇ ਬੁੱਧੀਜੀਵੀ, ਇਮਾਨਦਾਰ ਅਤੇ ਸਮਰਪਿਤ ਕਾਨੂੰਨੀ ਮਾਹਿਰ ਦੀ ਸਾਂਝ ਨਾਲ ਸੰਸਥਾ ਨੂੰ ਮਜ਼ਬੂਤ ਕਾਨੂੰਨੀ ਆਧਾਰ ਪ੍ਰਾਪਤ ਹੋਵੇਗਾ।
ਚੇਅਰਮੈਨ ਪ੍ਰੋ. ਭੋਲਾ ਯਮਲਾ ਨੇ ਕਿਹਾ ਕਿ ਭਵਿੱਖ ਵਿੱਚ ਵੀ ਉਨ੍ਹਾਂ ਦੇ ਮਾਰਗਦਰਸ਼ਨ ਹੇਠ ਸਮਾਜ ਸੇਵਾ ਦੇ ਕਾਰਜ ਹੋਰ ਮਜ਼ਬੂਤ ਹੋਣਗੇ। ਉਨ੍ਹਾਂ ਕਿਹਾ ਕਿ ਇਹ ਨਿਯੁਕਤੀ ਸਨਮਾਨ ਅਤੇ ਸੇਵਾ ਭਾਵਨਾ ਦੇ ਆਧਾਰ ‘ਤੇ ਆਨਰੇਰੀ ਹੈ, ਜੋ ਸੰਸਥਾ ਦੇ ਲੋਕ ਭਲਾਈ ਅਤੇ ਸੱਭਿਆਚਾਰਕ ਮਿਸ਼ਨ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਦਰਸਾਉਂਦੀ ਹੈ।
ਇਸ ਮੌਕੇ ਐਡਵੋਕੇਟ ਰਵਿੰਦਰ ਚੌਧਰੀ ਨੇ ਸੰਸਥਾ ਨੂੰ ਹਰ ਤਰ੍ਹਾਂ ਦੀ ਕਾਨੂੰਨੀ ਸਹਾਇਤਾ, ਆਰਥਿਕ ਸਹਾਇਤਾ ਤੇ ਹਰ ਸੰਭਵ ਸਾਥ ਦੇਣ ਦਾ ਭਰੋਸਾ ਦਿਵਾਇਆ। ਉਹਨਾਂ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਦੇਸ਼ ਦੇ ਵਕੀਲ ਸਾਹਿਬਾਨਾਂ ਨੂੰ ਨਾਲ ਲੈ ਕੇ ‘ਰਾਜ ਕਾਨੂੰਨੀ ਸਲਾਹਕਾਰ ਬੋਰਡ’ ਦਾ ਜਲਦ ਹੀ ਵਿਸਥਾਰ ਕੀਤਾ ਜਾਵੇਗਾ।
ਇਸ ਮੌਕੇ ਹੈਲਥ ਐਂਡ ਵੈਲਥ ਪ੍ਰੋਗਰਾਮ ਦੇ ਸੂਬਾ ਕਨਵੀਨਰ ਸ. ਰੁਪਿੰਦਰਜੀਤ ਸਿੰਘ ਢਿੱਲੋ ਅਤੇ ਉਘੇ ਸਮਾਜ ਸੇਵੀ ਸ. ਦਰਸ਼ਨ ਸਿੰਘ ਸਿੱਧੂ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ, ਜਿਨ੍ਹਾਂ ਨੇ ਸ. ਚੌਧਰੀ ਜੀ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ।