ਸਾਨੂੰ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਗਏ ਮਾਰਗ ’ਤੇ ਚੱਲਣਾ ਚਾਹੀਦਾ ਹੈ : ਪਿ੍ਰੰਸੀਪਲ ਰਾਕੇਸ਼ ਸ਼ਰਮਾ
ਕੋਟਕਪੂਰਾ, 8 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸਿੱਖਾਂਵਾਲਾ ਰੋਡ ’ਤੇ ਸਥਿੱਤ ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ। ਬੱਚਿਆਂ ਨੇ ਗੁਰਬਾਣੀ ਦਾ ਪਾਠ ਅਤੇ ਗੁਰੂ ਸ਼ਬਦ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਯਾਦ ਕੀਤਾ। ਸਕੂਲ ਦਾ ਪੂਰਾ ਮਾਹੌਲ ਭਗਤੀ ਤੇ ਸ਼ਰਧਾ ਨਾਲ ਭਰਿਆ ਰਿਹਾ। ਅਧਿਆਪਕਾਵਾਂ ਨੇ ਗੁਰਬਾਣੀ ਦਾ ਪਾਠ ਕੀਤਾ ਅਤੇ ਵਿਦਿਆਰਥੀਆਂ ਵੱਲੋਂ ‘ਜਪੁਜੀ ਸਾਹਿਬ’ ਅਤੇ ‘ਚੌਪਈ ਸਾਹਿਬ’ ਦਾ ਪਾਠ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ’ਤੇ ਸਿੱਖਿਆਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਬੱਚਿਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਾਨੂੰ ਪੜ੍ਹਨ, ਸਿੱਖਣ ਅਤੇ ਜੀਵਨ ਵਿੱਚ ਸੱਚਾਈ, ਨਿਮਰਤਾ ਅਤੇ ਹੱਕ ਸੱਚ ਦੀ ਕਮਾਈ ਕਰਨ ਦੇ ਰਾਹ ’ਤੇ ਚੱਲਣ ਲਈ ਪ੍ਰੇਰਿਤ ਕਰਦੀਆਂ ਹਨ। ਇਸ ਮੌਕੇ ਸਕੂਲ ਪਿ੍ਰੰਸੀਪਲ ਰਾਕੇਸ਼ ਸ਼ਰਮਾ ਨੇ ਬੱਚਿਆਂ ਨੂੰ ਦੱਸਿਆ ਕਿ ਗੁਰਪੁਰਬ ਸਾਨੂੰ ਗੁਰੂਆਂ ਦੀ ਸਿੱਖਿਆ ਸੱਚਾਈ, ਸੇਵਾ, ਸਮਾਨਤਾ ਅਤੇ ਪਿਆਰ ਨੂੰ ਆਪਣੀ ਜ਼ਿੰਦਗੀ ਵਿਚ ਉਤਾਰਨ ਦੀ ਪ੍ਰੇਰਣਾ ਦਿੰਦਾ ਹੈ। ਉਹਨਾ ਦੱਸਿਆ ਕਿ ਸਾਨੂੰ ਸਾਡੇ ਗੁਰੂਆਂ ਵਲੋਂ ਦਰਸਾਏ ਗਏ ਮਾਰਗਾਂ ਉਪਰ ਚੱਲਣਾ ਚਾਹੀਦਾ ਹੈ। ਉਹਨਾ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨੇ ਮਾਨਵਤਾ ਦੀ ਭਲਾਈ ਲਈ ਨਾਮ ਜਪੋ, ਵੰਡ ਛਕੋ ਅਤੇ ਕਿਰਤ ਦਾ ਸੁਨੇਹਾ ਵੀ ਸਮੁੱਚੀ ਮਨੁੱਖਤਾ ਨੂੰ ਦਿੱਤਾ। ਪਿ੍ਰੰਸੀਪਲ ਰਾਕੇਸ਼ ਸ਼ਰਮਾ ਨੇ ਇਸ ਦਿਨ ਗੁਰਦੁਆਰਿਆਂ ਵਿੱਚ ਨਗਰ ਕੀਰਤਨ ਕੱਢੇ ਜਾਂਦੇ ਹਨ, ਲੰਗਰ ਲਾਇਆ ਜਾਂਦਾ ਹੈ ਅਤੇ ਸੰਗਤ ਇਕੱਠੀ ਹੋ ਕੇ ਗੁਰੂ ਦੀ ਬਾਣੀ ਦਾ ਰਸ ਮਾਣਦੀ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਵੀ ਹਾਜ਼ਰ ਸਨ।