ਫਰੀਦਕੋਟ, 10 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਨਗਰ ਸੁਧਾਰ ਟਰੱਸਟ ਫ਼ਰੀਦਕੋਟ ਨੇ ਕਰੀਬ ਇੱਕ ਹਜ਼ਾਰ ਤੋਂ ਵੱਧ ਵਿਦਿਆਰਥਣਾਂ ਦੇ ਮੁੱਖ ਰਸਤੇ ਅੱਗੇ ਜਨਤਕ ਪਖਾਨੇ ਬਣਾਉਣ ਦਾ ਫ਼ੈਸਲਾ ਲਿਆ ਹੈ। ਜਿਸ ਖਿਲਾਫ਼ ਸਮੂਹ ਸਕੂਲ ਸਟਾਫ਼ ਅਤੇ ਹੋਰ ਸ਼ਹਿਰ ਵਾਸੀਆਂ ਨੇ ਰੋਸ ਜਤਾਉਂਦੇ ਹੋਏ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿੱਚ ਸਕੂਲ ਦੇ ਗੇਟ ਸਾਹਮਣੇ ਅੱਜ ਧਰਨਾ ਲਾਇਆ। ਬਾਅਦ ਵਿੱਚ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਹੁੰਦੇ ਦੇਖ ਧਰਨਾ ਰੋਡ ਜਾਮ ਵਿੱਚ ਤਬਦੀਲ ਹੋ ਗਿਆ। ਧਰਨੇ ਨੂੰ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਹਰਵੀਰ ਕੌਰ ਗੰਧੜ, ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਨੌਨਿਹਾਲ ਸਿੰਘ, ਖ਼ਾਲਸਾ ਸਕੂਲ ਦੇ ਅਧਿਆਪਕ ਗੁਰਪ੍ਰੀਤ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਡਾ. ਕੁਲਵਿੰਦਰ ਸਿੰਘ, ਪੀਐੱਸਯੂ ਦੇ ਆਗੂਆਂ ਜਸਨੀਤ ਸਿੰਘ, ਮੈਡਮ ਸਰਬਜੀਤ ਕੌਰ ਅਤੇ ਹੋਰ ਅਧਿਆਪਕਾਂ ਨੇ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਮਾਨਤਾ ਪ੍ਰਾਪਤ ਨਕਸ਼ੇ ਮੁਤਾਬਕ ਨਗਰ ਸੁਧਾਰ ਟਰੱਸਟ ਜਿੱਥੇ ਜਨਤਕ ਪਖਾਨੇ ਬਣਾ ਰਿਹਾ ਹੈ, ਅਸਲ ਵਿੱਚ ਉੱਥੇ ਗਰੀਨ ਜ਼ੋਨ ਵਿਕਸਿਤ ਕੀਤਾ ਜਾਣਾ ਸੀ। ਸੰਗਤ ਸਾਹਿਬ ਭਾਈ ਫੇਰੂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨੇ 10ਵੀਂ, 11ਵੀਂ ਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਲਈ ਵਿਸ਼ੇਸ਼ ਰਸਤਾ ਬਣਾਉਣ ਲਈ ਨਗਰ ਸੁਧਾਰ ਟਰੱਸਟ ਪਾਸੋਂ 250 ਗਜ਼ ਥਾਂ 3.50 ਕਰੋੜ ਰੁਪਏ ਵਿੱਚ ਖ਼ਰੀਦੀ ਸੀ। ਸਕੂਲ ਨੇ ਇੱਥੇ ਲੜਕੀਆਂ ਵਾਸਤੇ ਵਿਸ਼ੇਸ਼ ਰਸਤਾ ਬਣਾਉਣਾ ਸ਼ੁਰੂ ਵੀ ਕਰ ਦਿੱਤਾ ਸੀ। ਜੇਕਰ ਇੱਥੇ ਪਖਾਨੇ ਬਣਦੇ ਹਨ ਤਾਂ ਵਿਦਿਆਰਥਣਾਂ ਨੂੰ ਇੱਥੋਂ ਲੰਘਣਾ ਮੁਸ਼ਕਿਲ ਹੋ ਜਾਵੇਗਾ, ਕਿਉਂਕਿ ਜਨਤਕ ਪਖਾਨਿਆਂ ਦੀ ਸਾਂਭ ਸੰਭਾਲ ਨਹੀਂ ਹੁੰਦੀ ਅਤੇ ਉਹ ਨਸ਼ੇੜੀਆਂ ਦਾ ਟਿਕਾਣਾ ਬਣਦੇ ਹਨ ਅਤੇ ਇਹ ਪਖਾਨਾ ਵੱਡੀ ਗਿਣਤੀ ਲੋਕਾਂ ਵੱਲ ਵਰਤਿਆ ਜਾਣਾ ਹੈ। ਉਨ੍ਹਾਂ ਕਿਹਾ ਕਿ ਗਰੀਨ ਜ਼ੋਨ ਵਾਲੀ ਥਾਂ ’ਤੇ ਪਖਾਨਾ ਬਣਾਉਣਾ ਉਂਝ ਵੀ ਗੈਰਕਾਨੂੰਨੀ ਹੈ। ਉਹਨਾਂ ਕਿਹਾ ਕਿ ਸਕੂਲ ਦੇ ਆਸੇ ਪਾਸੇ ਵਿਦਿਆਰਥੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੁੰਦੀ ਹੈ ਅਤੇ ਚੇਅਰਮੈਨ ਗਗਨਦੀਪ ਸਿੰਘ ਇਸ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ। ਮਾਰਕਿਟ ਵਿੱਚ ਜਨਤਕ ਪਖਾਨਿਆਂ ਦੀ ਜਰੂਰਤ ਹੈ, ਉਹ ਹੋਰ ਢੁਕਵੀਂ ਜਗਾ ਬਣਾਏ ਜਾਣੇ ਚਾਹੀਦੇ ਹਨ। ਧਰਨੇ ਵਿੱਚ ਮੰਗ ਪੱਤਰ ਲੈਣ ਆਏ ਤਸੀਲਦਾਰ ਨੇ ਸੋਮਵਾਰ ਇਸ ਮਾਮਲੇ ’ਤੇ ਮੀਟਿੰਗ ਕਰਵਾਉਣ ਅਤੇ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਜਿਸ ਤੋਂ ਬਾਅਦ ਧਰਨਾ ਮੁਲਤਵੀ ਕੀਤਾ ਗਿਆ।
