ਕਲਾ ਸਾਡੇ ਜੀਵਨ ਨੂੰ ਨਿਖਾਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ: ਡਾ ਗੋਸਲ

ਲੁਧਿਆਣਾ 9 ਨਵੰਬਰ ( ਵਰਲਡ ਪੰਜਾਬੀ ਟਾਈਮਜ)
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਚੱਲ ਰਿਹਾ ਅੰਤਰ ਕਾਲਜ ਯੁਵਕ ਮੇਲਾ ਵਿਦਿਆਰਥੀਆਂ ਦੀ ਰਚਨਾਤਮਕ ਬੌਧਿਕਤਾ ਅਤੇ ਕਲਾ ਦਾ ਜਾਦੂ ਬਿਖੇਰਦਾ ਹੋਇਆ ਅੱਜ ਦੂਜੇ ਦਿਨ ਵਿੱਚ ਪ੍ਰਵੇਸ਼ ਕਰ ਗਿਆ।
ਅੱਜ ਫੋਟੋਗ੍ਰਾਫੀ,ਕਾਰਟੂਨਿੰਗ, ਰਚਨਾਤਮਕ ਲੇਖਣੀ, ਰੰਗੋਲੀ , ਮਹਿੰਦੀ ਗ੍ਰਾਫਿਟੀ, ਸੁੰਦਰ ਲਿਖਾਈ, ਭਾਸ਼ਣ ਅਤੇ ਤਤਕਾਲੀਨ ਭਾਸ਼ਣ ਤੋਂ ਇਲਾਵਾ ਮੌਕੇ ਤੇ ਚਿਤਰਕਾਰੀ ਦੇ ਮੁਕਾਬਲੇ ਹੋਏ। ਵਿਦਿਆਰਥੀ ਭਵਨ ਅਤੇ ਪ੍ਰੀਖਿਆ ਹਾਲ ਵਿਦਿਆਰਥੀਆਂ ਦੀ ਗਰਮ ਜੋਸ਼ੀ ਅਤੇ ਮੁਕਾਬਲਿਆਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਉਤਸੁਕਤਾ ਨੂੰ ਦਰਸਾ ਰਹੇ ਸਨ।
ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਸਵੇਰ ਦੇ ਸੈਸ਼ਨ ਦੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੁੰਦਿਆਂ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਕਲਾ ਸਾਡੇ ਜੀਵਨ ਨੂੰ ਨਿਖਾਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਉਹਨਾਂ ਕਿਹਾ ਕਿ ਵਿਦਿਆ ਹਾਸਿਲ ਕਰਨ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਆਪਣੀਆਂ ਕਲਾਤਮਕ ਰੁਚੀਆਂ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਕਲਾਤਮਕ ਜਗਤ ਰਾਹੀਂ ਹੀ ਅਸੀਂ ਆਪਣੇ ਆਪ ਅਤੇ ਸਮਾਜ ਵਿਚਲੇ ਗੁਝੇ ਭੇਦਾਂ ਨੂੰ ਸਮਝਣ ਦੇ ਸਮਰੱਥ ਹੋ ਸਕਦੇ ਹਾਂ।
ਡਾ ਧਰਮ ਸਿੰਘ ਸੰਧੂ, ਮੈਂਬਰ ਵਿਦਿਅਕ ਟ੍ਰਿਬਿਊਨਲ, ਪੰਜਾਬ ਸਰਕਾਰ, ਨੇ ਸ਼ਾਮ ਦੇ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੁੰਦਿਆਂ ਖੇਤੀ ਸੱਭਿਆਚਾਰ ਦੇ ਨਾਲ ਨਾਲ ਪੰਜਾਬੀ ਸੱਭਿਆਚਾਰ ਦੀ ਅਨਮੋਲ ਵਿਰਾਸਤ ਦੀ ਸੰਭਾਲ ਕਰ ਰਹੀ ਪੀਏਯੂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਜਿੱਥੇ ਖੇਤੀ ਫਸਲਾਂ ਦੀਆਂ ਅਨੇਕ ਕਿਸਮਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ, ਉੱਥੇ ਵਿਦਿਆਰਥੀਆਂ ਦੀਆਂ ਕਲਾਤਮਕ ਰੁਚੀਆਂ ਨੂੰ ਨਿਖਾਰਨ ਵਿੱਚ ਵੀ ਯੂਨੀਵਰਸਿਟੀ ਅਹਿਮ ਰੋਲ ਅਦਾ ਕਰ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਨੂੰ ਜਿਉਂਦਾ ਜਾਗਦਾ ਰੱਖਣ ਵਿੱਚ ਪੀਏਯੂ ਹਮੇਸ਼ਾ ਮੋਹਰੀ ਰਹੀ ਹੈ ਅਤੇ ਇਹ ਯੁਵਕ ਮੇਲੇ ਵਿਦਿਆਰਥੀਆਂ ਨੂੰ ਜ਼ਿੰਦਗੀ ਦੀ ਧੁੱਪ ਛਾਂ ਲਈ ਤਿਆਰ ਕਰਦੇ ਹਨ। ਇਸ ਲਈ ਇਹਨਾਂ ਯੁਵਕ ਮੇਲਿਆਂ ਵਿੱਚ ਵਿਦਿਆਰਥੀਆਂ ਨੂੰ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਨੇ ਇਸ ਮੌਕੇ ਅੱਜ ਦੇ ਯੁਵਕ ਮੇਲੇ ਵਿੱਚ ਸ਼ਿਰਕਤ ਕਰਨ ਵਾਲੇ ਵਿਦਿਆਰਥੀਆਂ ਨੂੰ ਨਿੱਘਾ ਜੀ ਆਇਆ ਕਿਹਾ ਅਤੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ। ਸੰਯੁਕਤ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਕਮਲਜੀਤ ਸਿੰਘ ਸੂਰੀ ਨੇ ਸਭ ਲਈ ਧੰਨਵਾਦ ਦੇ ਸ਼ਬਦ ਕਹੇ। ਸਹਿਯੋਗੀ ਨਿਰਦੇਸ਼ਕ ਸੱਭਿਆਚਾਰ ਡਾ ਰੁਪਿੰਦਰ ਕੌਰ ਅਤੇ ਸ੍ਰੀ ਸਤਵੀਰ ਸਿੰਘ, ਰਜਿਸਟਰਿੰਗ ਆਫਿਸਰ ਅਤੇ ਸੰਬੰਧਿਤ ਕਾਲਜਾਂ ਦੇ ਡੀ ਡੀ ਐਮ ਸੀ ਪ੍ਰਧਾਨ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ ।ਸਟੇਜ ਦਾ ਸੰਚਾਲਨ ਡਾ ਦਿਵਿਆ ਉਤਰੇਜਾ ਨੇ ਬਾਖੂਬੀ ਕੀਤਾ।

