ਮਿਹਨਤਕਸ਼ ਜਮਾਤ ਦੀ ਮਜ਼ਬੂਤ ਪਾਰਟੀ ਹੀ ਕਿਰਤੀ ਵਰਗ ਦੇ ਦੁੱਖ-ਤਕਲੀਫ਼ਾਂ ਦਾ ਦਾਰੂ : ਕੌਸ਼ਲ
ਕੋਟਕਪੂਰਾ, 14 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਮਿਹਨਤਕਸ਼ ਜਮਾਤ ਦੀ 100 ਸਾਲ ਦੇ ਕੁਰਬਾਨੀਆਂ ਭਰੇ ਇਤਿਹਾਸ ਦੀ ਵਾਰਿਸ ਪਾਰਟੀ ਸੀ.ਪੀ.ਆਈ. ਦੀ ਮਜ਼ਬੂਤੀ ਕਿਰਤੀ ਵਰਗ ਦੇ ਦੁੱਖਾਂ-ਤਕਲੀਫ਼ਾਂ ਦਾ ਸਹੀ ਇਲਾਜ ਕਰ ਸਕਦੀ ਹੈ’। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਤਹਿਸੀਲ ਕੋਟਕਪੂਰਾ ਦਾ ਉਦਘਾਟਨ ਕਰਨ ਮੌਕੇ ਪਾਰਟੀ ਦੇ ਜ਼ਿਲਾ ਸਕੱਤਰ ਅਸ਼ੋਕ ਕੌਸ਼ਲ ਵੱਲੋਂ ਕੀਤਾ ਗਿਆ। ਪਾਰਟੀ ਦੇ ਆਗੂ ਸੁਖਦਰਸ਼ਨ ਰਾਮ ਸ਼ਰਮਾ, ਕਾਮਰੇਡ ਪਪੀ ਢਿਲਵਾਂ ਅਤੇ ਬੋਹੜ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਈ ਕਾਨਫਰੰਸ ਵਿੱਚ ਤਹਿਸੀਲ ਦੀਆਂ ਵੱਖ-ਵੱਖ ਬਰਾਂਚਾਂ ਤੋਂ ਭਰਵੀਂ ਗਿਣਤੀ ਵਿੱਚ ਆਏ ਡੈਲੀਗੇਟਾਂ ਨੇ ਭਾਗ ਲਿਆ। ਸ਼ੁਰੂਆਤ ਪਿੰਡ ਔਲਖ ਦੇ ਵਿਛੜੇ ਸਾਥੀਆਂ ਕਾਮਰੇਡ ਬਲਵੀਰ ਸਿੰਘ ਔਲਖ, ਭਲਵਿੰਦਰ ਸਿੰਘ ਅਤੇ ਮਾ. ਦਰਸ਼ਨ ਸਿੰਘ ਤੋਂ ਇਲਾਵਾ ਦਿੱਲੀ ਦੇ ਬੰਬ ਧਮਾਕੇ ਵਿੱਚ ਮਾਰੇ ਗਏ 12 ਨਿਰਦੋਸ਼ ਨਾਗਰਿਕਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕਰਕੇ ਕੀਤੀ ਗਈ। ਜਿਲਾ ਸਕੱਤਰ ਅਸ਼ੋਕ ਕੌਸ਼ਲ ਤੋਂ ਇਲਾਵਾ ਕਾਮਰੇਡ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ ਬਤੌਰ ਨਿਗਰਾਨ ਸ਼ਾਮਲ ਹੋਏ। ਪੰਜਾਬ ਇਸਤਰੀ ਸਭਾ ਦੀ ਜਿਲਾ ਪ੍ਰਧਾਨ ਬੀਬੀ ਮਨਜੀਤ ਕੌਰ ਨੇ ਪਿਛਲੇ ਸਮੇਂ ਦੀ ਰਿਪੋਰਟ ਪੇਸ਼ ਕੀਤੀ, ਜਿਸ ਨੂੰ ਕੁਝ ਵਾਧਿਆਂ ਨਾਲ ‘ਹਾਊਸ’ ਵੱਲੋਂ ਪ੍ਰਵਾਨ ਕਰ ਲਿਆ ਗਿਆ। ਪੱਪੀ ਢਿਲਵਾਂ ਨੇ ਨਵੀਂ ਤਹਿਸੀਲ ਕਮੇਟੀ ਦਾ ਪੈਨਲ ਪੇਸ਼ ਕੀਤਾ ਜਿਸ ਅਨੁਸਾਰ ਪੈਨਸ਼ਨਰ ਆਗੂ ਪ੍ਰੇਮ ਚਾਵਲਾ ਨੂੰ ਤਹਿਸੀਲ ਸਕੱਤਰ, ਪੱਪੀ ਢਿਲਵਾਂ ਅਤੇ ਬੋਹੜ ਸਿੰਘ ਔਲਖ ਦੋਹੇਂ ਮੀਤ ਸਕੱਤਰ ਅਤੇ ਬੀਬੀ ਮਨਜੀਤ ਕੌਰ ਨੱਥੇਵਾਲਾ ਨੂੰ ਕੈਸ਼ੀਅਰ ਸਮੇਤ 11 ਮੈਂਬਰਾਂ ਦੀ ਤਹਿਸੀਲ ਕਮੇਟੀ ਚੁਣੇ ਜਾਣ ਦੀ ਤਜਵੀਜ਼ ਪੇਸ਼ ਕੀਤੀ। ਹਾਜ਼ਰ ਡੈਲੀਗੇਟਾਂ ਨੇ ਹੱਥ ਖੜ੍ਹੇ ਕਰਕੇ ਨਾਹਰਿਆਂ ਦੀ ਗੂੰਜ ਨਾਲ ਇਸ ਪੈਨਲ ਨੂੰ ਮਨਜ਼ੂਰੀ ਦਿੱਤੀ। ਇਸ ਦੇ ਨਾਲ ਹੀ 29 ਨਵੰਬਰ ਨੂੰ ਫਰੀਦਕੋਟ ਵਿਖੇ ਹੋ ਰਹੀ ਜ਼ਿਲਾ ਕਾਨਫਰੰਸ ਲਈ ਡੈਲੀਗੇਟਾਂ ਦੀ ਚੋਣ ਵੀ ਕੀਤੀ ਗਈ। ਇਸ ਮੌਕੇ ਲੋਕ ਗਾਇਕ ਨਾਹਰ ਸਿੰਘ ਗਿੱਲ ਨੇ ਦੇਸ਼ ਭਗਤੀ ਦੇ ਗੀਤ ਗਾਕੇ ਸਰੋਤਿਆਂ ਨੂੰ ਨਿਹਾਲ ਕੀਤਾ ਗਿਆ। ਨਵੀਂ ਚੁਣੀ ਤਹਿਸੀਲ ਕਮੇਟੀ ਦੀ ਪਲੇਠੀ ਮੀਟਿੰਗ 18 ਨਵੰਬਰ ਦਿਨ ਮੰਗਲਵਾਰ ਨੂੰ ਕੋਟਕਪੂਰਾ ਵਿਖੇ ਸਵੇਰੇ 11:00 ਵਜੇ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਸੱਦ ਲਈ ਗਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੈਨਸ਼ਨਰ ਆਗੂ ਕੁਲਵੰਤ ਸਿੰਘ ਚਾਨੀ, ਕੋਟਕਪੂਰਾ ਸ਼ਹਿਰੀ ਬ੍ਰਾਂਚ ਦੇ ਸਕੱਤਰ ਸੋਮਨਾਥ ਅਰੋੜਾ, ਔਲ਼ਖ ਬਰਾਂਚ ਦੇ ਸਕੱਤਰ ਸ਼ਿਵ ਕੁਮਾਰ ਸ਼ਰਮਾ, ਰੇਸ਼ਮ ਸਿੰਘ ਜਿਊਣਵਾਲਾ, ਨਾਇਬ ਸਿੰਘ ਘਨੀਏਵਾਲਾ, ਤਰਸੇਮ ਸਿੰਘ ਸੰਧਵਾਂ, ਰੇਸ਼ਮ ਸਿੰਘ ਵਾਂਦਰ ਜਟਾਣਾ, ਗੋਰਾ ਪਿਪਲੀ, ਹਰਵਿੰਦਰ ਸ਼ਰਮਾ, ਕਿਰਨ ਸ਼ਰਮਾ, ਗੁਰਦੀਪ ਭੋਲ਼ਾ, ਵਿਨੋਦ ਕੁਮਾਰ, ਚਮਕੌਰ ਸਿੰਘ ਕੋਟਸੁਖੀਆ, ਇਕਬਾਲ ਸਿੰਘ ਮੰਘੇੜਾ, ਤਰਸੇਮ ਨਰੂਲਾ, ਮਾ. ਗੁਲਵੰਤ ਸਿੰਘ ਔਲ਼ਖ, ਗੁਰਤੇਜ ਸਿੰਘ ਘਣੀਏਵਾਲਾ ਅਤੇ ਚਮਕੌਰ ਸਿੰਘ ਕੋਟਸੁਖੀਆ ਆਦਿ ਵੀ ਹਾਜ਼ਰ ਸਨ।
