ਬਿਹਾਰ ਦੇ ਵੋਟਰਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਕੀਤੇ ਕੰਮਾਂ ਉੱਪਰ ਮੋਹਰ ਲਾਈ : ਹਰਦੀਪ ਸ਼ਰਮਾ
ਕੋਟਕਪੂਰਾ, 16 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਜਨਤਾ ਪਾਰਟੀ ਦੀ ਬਿਹਾਰ ਲੋਕ ਸਭਾ ਚੋਣਾਂ ਵਿੱਚ ਹੋਈ ਸ਼ਾਨਦਾਰ ਜਿੱਤ ਉੱਤੇ ਪਾਰਟੀ ਦੀ ਪੰਜਾਬ ਸੂਬਾ ਇਕਾਈ ਦੇ ਪੰਚਾਇਤੀ ਰਾਜ ਸੈੱਲ ਦੇ ਕੋ-ਕਨਵੀਨਰ ਸ਼੍ਰੀ ਹਰਦੀਪ ਸ਼ਰਮਾ ਜੀ ਨੇ ਪਾਰਟੀ ਦੇ ਸਾਰੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਸ਼੍ਰੀ ਸ਼ਰਮਾ ਨੇ ਬਿਹਾਰ ਦੀ ਜਨਤਾ ਦਾ ਭਾਜਪਾ ਨੂੰ 183 ਸੀਟਾਂ ’ਤੇ ਭਾਰੀ ਬਹੁਮਤ ਨਾਲ ਜਿਤਾਉਣ ’ਤੇ ਧੰਨਵਾਦ ਕੀਤਾ ਹੈ। ਉਹਨਾ ਇਸ ਮੌਕੇ ਬੋਲਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੀ ਦੇਸ਼ ਨੂੰ ਸਥਿਰ ਸਰਕਾਰ ਦੇ ਸਕਦੀ ਹੈ। ਉਦਾਹਰਨ ਦੇ ਤੌਰ ’ਤੇ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਦਿੱਲੀ ਦੀਆਂ ਸਰਕਾਰਾਂ ਦੇ ਕੰਮ ਦੇਖੇ ਜਾ ਸਕਦੇ ਹਨ। ਇਸ ਗੱਲ ਨੂੰ ਦੇਸ਼ ਦਾ ਹਰ ਵਿਅਕਤੀ ਸਮਝ ਚੁੱਕਿਆ ਹੈ। ਇਸੇ ਕਰਕੇ ਬਿਹਾਰ ਦੀ ਜਨਤਾ ਨੇ ਭਾਜਪਾ ਦੇ ਹੱਕ ਵਿੱਚ ਇਹ ਫਤਵਾ ਦਿੱਤਾ ਹੈ। ਤਰਨਤਾਰਨ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਬੇਸ਼ੱਕ ਤਰਨ ਤਾਰਨ ਸੀਟ ਪਾਰਟੀ ਹਾਰ ਗਈ ਹੈ ਪਰ ਜਿੱਤ ਹਾਰ ਰਣਨੀਤੀ ਦੇ ਦੋ ਪਹਿਲੂ ਹਨ, ਉਹਨਾ ਦੀ ਪਾਰਟੀ ਜਨਤਾ ਦੇ ਫੈਸਲੇ ਨੂੰ ਸਵੀਕਾਰ ਕਰਦੀ ਹੈ ਅਤੇ ਆਪਣੇ ਵੋਟਰਾਂ ਅਤੇ ਵਰਕਰਾਂ ਦਾ ਦਿਲੋਂ ਧੰਨਵਾਦ ਕਰਦੀ ਹੈ, ਨਾਲ ਹੀ ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣ ਆਮ ਤੌਰ ਉੱਤੇ ਮੌਜੂਦਾ ਸਰਕਾਰ ਦੇ ਹੱਕ ਵਿੱਚ ਹੀ ਜਾਂਦੀ ਹੈ ਕਿਉਂਕਿ ਲੋਕਾਂ ਨੇ ਸਰਕਾਰ ਤੋਂ ਕੰਮ ਲੈਣੇ ਹੁੰਦੇ ਹਨ ਤੇ ਪ੍ਰਸ਼ਾਸ਼ਨ ਵੀ ਸਰਕਾਰ ਵੱਲ ਦਾ ਝੁਕਾਅ ਰੱਖ ਲੈਂਦਾ ਹੈ, ਜੋ ਕਿ ਸੁਭਾਵਿਕ ਹੈ ਪਰ ਹਲਕਾ ਤਰਨਤਾਰਨ ਜਿੱਥੇ ਝਬਾਲ ਅਤੇ ਮੀਆਂਵਿੰਡ ਵਰਗੇ ਇਲਾਕੇ ਆਉਂਦੇ ਹਨ, ਜਿੱਥੇ ਕੱਟੜ ਪੰਥੀਆਂ ਦੀ ਵੋਟ ਦੀ ਬਹੁਤਾਤ ਹੋਵੇ ਉੱਥੇ ਸਾਡੀ ਪਾਰਟੀ ਦਾ ਵੋਟ ਬੈਂਕ ਵਧਣਾ ਵੀ ਭਵਿੱਖ ਲਈ ਇੱਕ ਚੰਗਾ ਇਸ਼ਾਰਾ ਹੈ। ਸ਼੍ਰੀ ਸ਼ਰਮਾ ਨੇ ਪਾਰਟੀ ਵਰਕਰਾਂ ਅਤੇ ਖਾਸ ਤੌਰ ’ਤੇ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਦਾ ਧੰਨਵਾਦ ਕੀਤਾ ਹੈ, ਜੋ ਕਿ ਮੌਜੂਦਾ ਸਰਕਾਰ ਅਤੇ ਪ੍ਰਸ਼ਾਸਨ ਦੇ ਧੱਕੇ ਦੇ ਬਾਵਜੂਦ ਡਟੇ ਰਹੇ ਹਨ। ਉਹਨਾ ਕਿਹਾ ਕਿ ਅਸੀਂ ਪਹਿਲਾ ਨਾਲੋ ਤਕੜੇ ਹੋ ਕੇ ਇਸ ਹਲਕੇ ਵਿੱਚ ਉਭਰੇ ਹਾਂ ਅਤੇ ਅਗਲੇਰੇ ਭਵਿੱਖ ਵਿੱਚ ਅਸੀਂ ਇਕ ਨਵੀਂ ਮਿਸਾਲ ਕਾਇਮ ਕਰਾਂਗੇ। ਉਹਨਾ ਕਿਹਾ ਕਿ ਸਾਨੂੰ ਆਪਣੇ ਪਾਰਟੀ ਵਰਕਰਾਂ ਉੱਪਰ ਪੂਰਾ ਭਰੋਸਾ ਹੈ। ਭਾਰਤੀ ਜਨਤਾ ਪਾਰਟੀ ਦੀ ਵੱਧ ਰਹੀ ਲੋਕ ਪ੍ਰੀਯਤਾ ਪੰਜਾਬ ਦੇ ਲੋਕਾਂ ਲਈ ਵੀ ਇਕ ਚੰਗਾ ਸੰਦੇਸ਼ ਹੈ, ਸਾਨੂੰ ਉਹੀ ਸਰਕਾਰ ਪੰਜਾਬ ਵਿੱਚ ਲਿਆਉਣੀ ਚਾਹੀਦੀ ਹੈ, ਜੋ ਕਿ ਕੇਂਦਰ ਵਿਚ ਵੀ ਹੋਵੇ ਤਾਂ ਕੇ ਅਸੀਂ ਆਪਣੇ ਸਮਾਜ ਦੀ ਭਲਾਈ ਅਤੇ ਤਰੱਕੀ ਕਰਵਾ ਸਕੀਏ। ਇਸ ਮੌਕੇ ਉਹਨਾਂ ਨਾਲ ਸੰਦੀਪ ਸਿੰਘ ਸੰਨੀ ਬਰਾੜ ਸਾਬਕਾ ਓ.ਐੱਸ.ਡੀ. ਮੁੱਖ ਮੰਤਰੀ ਪੰਜਾਬ, ਜਸਪਾਲ ਸਿੰਘ ਪੰਜਗਰਾਈਂ ਮੀਤ ਪ੍ਰਧਾਨ ਐੱਸ.ਸੀ. ਮੋਰਚਾ ਪੰਜਾਬ, ਡਾ. ਬਲਵਿੰਦਰ ਸਿੰਘ ਬਰਗਾੜੀ ਮੈਂਬਰ ਸੂਬਾ ਇਕਾਈ ਬੁੱਧੀਜੀਵੀ ਸੈੱਲ ਭਾਜਪਾ ਪੰਜਾਬ, ਕ੍ਰਿਸ਼ਨ ਨਾਰੰਗ ਮੰਡਲ ਪ੍ਰਧਾਨ ਕੋਟਕਪੂਰਾ, ਪਵਨ ਸ਼ਰਮਾ ਮੰਡਲ ਪ੍ਰਧਾਨ ਖਾਰਾ, ਜਸਪਾਲ ਸ਼ਰਮਾ, ਲਖਵੀਰ ਲਵਲੀ, ਵਿਕਰਮਜੀਤ, ਸੁਖਦੇਵ ਸਿੰਘ, ਭਗਤਾ ਸਿੰਘ, ਜਗਦੀਪ ਸਿੰਘ ਕੋਹਾਰਵਾਲਾ ਸਮੇਤ ਕਈ ਹੋਰ ਸਾਥੀ ਵੀ ਹਾਜਰ ਸਨ।
