ਕੋਟਕਪੂਰਾ, 16 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਅੱਜ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680 ਸੈਕਟਰ 22ਬੀ ਚੰਡੀਗੜ੍ਹ ਅਤੇ ਏਟਕ ਜਥੇਬੰਦੀਆਂ ਨਾਲ ਸਬੰਧਤ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਆਸ਼ਾ ਵਰਕਰਾਂ ਦਾ ਵੱਡਾ ਜਥਾ ਧੂਰੀ ਲਈ ਰਵਾਨਾ ਹੋਇਆ। ਰਵਾਨਗੀ ਮੌਕੇ ਪੰਜਾਬ ਪੈਨਸ਼ਨਰ ਯੂਨੀਅਨ ਏਟਕ ਦੇ ਸੂਬਾ ਜਨਰਲ ਸਕੱਤਰ ਪ੍ਰੇਮ ਚਾਵਲਾ, ਆਲ ਇੰਡੀਆ ਆਸ਼ਾ ਵਰਕਰ ਯੂਨੀਅਨ ਦੀ ਸੂਬਾ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ ਅਤੇ ਦਰਜਾ ਚਾਰ ਸਰਕਾਰੀ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਬਲਕਾਰ ਸਿੰਘ ਸਹੋਤਾ ਨੇ ਦੱਸਿਆ ਕਿ ਪੰਜਾਬ ਦੀ ਮਾਨ ਸਰਕਾਰ ਦੇ ਰਾਜ ਦੌਰਾਨ ਮੁਲਾਜ਼ਮਾਂ ਦਾ ਜਿੰਨਾਂ ਸ਼ੌਸ਼ਣ ਹੋਇਆ ਹੈ, ਉਸ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਸਮੇਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮਹਿੰਗਾਈ ਭੱਤੇ ਦੀਆਂ ਪੰਜ ਕਿਸ਼ਤਾਂ ਸਰਕਾਰ ਦਬਾਅ ਕੇ ਬੈਠੀ ਹੈ ਜਿਸ ਕਰਕੇ ਪੰਜਾਬ ਦੇ ਮੁਲਾਜ਼ਮਾਂ ਨੂੰ ਕੇਂਦਰ ਅਤੇ ਗੁਆਂਢੀ ਰਾਜਾਂ ਦੇ ਮੁਕਾਬਲੇ ਹਰ ਮਹੀਨੇ 16 ਫ਼ੀਸਦੀ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਪਿਛਲੇ ਪੰਦਰਾਂ ਸਾਲਾਂ ਤੋਂ ਹਜ਼ਾਰਾਂ ਮੁਲਾਜ਼ਮ ਨਿਗੂਣੀਆਂ ਤਨਖ਼ਾਹਾਂ ’ਤੇ ਠੇਕਾ ਜਾਂ ਆਊਟਸੋਰਸ ਅਧਾਰ ਤੇ ਕੰਮ ਕਰਨ ਲਈ ਮਜ਼ਬੂਰ ਹਨ, ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਨੋਟੀਫ਼ਿਕੇਸ਼ਨ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਵੀ ਲਾਗੂ ਨਹੀਂ ਕੀਤਾ ਗਿਆ। ਕੇਂਦਰੀ ਸਕੀਮਾਂ ਤਹਿਤ ਮਾਮੂਲੀ ਮਾਣਭੱਤੇ ਤੇ ਕੰਮ ਕਰਦੀਆਂ ਆਸ਼ਾ ਵਰਕਰਾਂ, ਆਂਗਣਵਾੜੀ ਅਤੇ ਮਿਡ ਡੇਅ ਮੀਲ ਵਰਕਰਾਂ ਦਾ ਵੱਡੇ ਪੱਧਰ ’ਤੇ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਸ ਮੌਕੇ ਪੈਨਸ਼ਨਰ ਆਗੂ ਅਸ਼ੋਕ ਕੌਸ਼ਲ, ਸੋਮਨਾਥ ਅਰੋੜਾ, ਪ੍ਰਦੀਪ ਸਿੰਘ ਬਰਾੜ ਅਤੇ ਬਿਜਲੀ ਨਿਗਮ ਦੇ ਆਗੂਆਂ ਹਰਪਾਲ ਸਿੰਘ ਮਚਾਕੀ ਅਤੇ ਇੰਦਰਜੀਤ ਸਿੰਘ ਗਿੱਲ ਨੇ ਕਿਹਾ ਕਿ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਜ਼ਿਮਨੀ ਚੋਣਾਂ ਜਿੱਤਣ ਨਾਲ ਮੁੱਖ ਮੰਤਰੀ ਇਸ ਗਲਤ ਫਹਿਮੀ ਵਿੱਚ ਨਾ ਰਹਿਣ ਕਿ ਪੰਜਾਬ ਦੇ ਲੋਕ ਉਸਦੀਆਂ ਨੀਤੀਆਂ ਤੇ ਮੋਹਰ ਲਗਾ ਰਹੇ ਹਨ। ਸਵਾ ਕੁ ਸਾਲ ਬਾਅਦ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਮੌਕੇ ਇਸ ਸਰਕਾਰ ਨੂੰ ਵੀ ਆਪਣੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦਾ ਹਿਸਾਬ ਕਿਤਾਬ ਦੇਣਾ ਪਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੈਨਸ਼ਨਰ ਆਗੂ ਤਰਸੇਮ ਨਰੂਲਾ, ਇਕਬਾਲ ਸਿੰਘ ਮੰਘੇੜਾ, ਮਲਕੀਤ ਸਿੰਘ, ਹਰਨੇਕ ਸਿੰਘ ਸਾਹੋ ਕੇ, ਜਗਵੰਤ ਸਿੰਘ ਬਰਾੜ, ਪਰਮਜੀਤ ਪੰਮਾ, ਜੋਤੀ ਪ੍ਰਕਾਸ਼, ਵੀਰ ਸਿੰਘ, ਸੁਖਦਰਸ਼ਨ ਸਿੰਘ ਗਿੱਲ ਅਤੇ ਆਲ ਇੰਡੀਆ ਆਸ਼ਾ ਵਰਕਰ ਯੂਨੀਅਨ ਦੀਆਂ ਆਗੂ ਕੁਲਦੀਪ ਕੌਰ ਜੈਤੋ, ਕਮਲਜੀਤ ਕੌਰ ਗੋਂਦਾਰਾ, ਬਿੰਦਰ ਕੌਰ ਗੋਂਦਾਰਾ, ਗੁਰਮੀਤ ਕੌਰ ਚੈਨਾ ਅਤੇ ਬਲਤੇਜ ਕੌਰ ਬਿਸ਼ਨੰਦੀ ਆਦਿ ਵੀ ਹਾਜ਼ਰ ਸਨ।

