

ਯੂਨੀਵਰਸਿਟੀ ਪੰਜਾਬੀ ਸੱਭਿਆਚਾਰ ਅਤੇ ਕਲਾ ਦੀ ਸੰਭਾਲ ਲਈ ਯਤਨਸ਼ੀਲ : ਡਾ ਗੋਸਲ
ਲੁਧਿਆਣਾ 16 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਪੀ ਏ ਯੂ ਦੇ ਡਾ ਅਮਰਜੀਤ ਸਿੰਘ ਖਹਿਰਾ ਓਪਨ ਏਅਰ ਥੀਏਟਰ ਵਿਚ ਯੂਨੀਵਰਸਿਟੀ ਦੇ ਸਲਾਨਾ ਯੁਵਕ ਮੇਲੇ ਦਾ ਦੂਸਰਾ ਗੇੜ ਆਰੰਭ ਹੋਇਆ। ਇਸ ਗੇੜ ਵਿਚ ਸੰਗੀਤ, ਨਾਚ, ਗਾਇਨ ਅਤੇ ਥੀਏਟਰ ਨਾਲ ਮੁਕਾਬਲੇ ਹੋਣਗੇ। ਇਸ ਦੌਰਾਨ ਯੂਨੀਵਰਸਿਟੀ ਦੇ ਵੱਖ ਵੱਖ ਕਾਲਜਾਂ ਵਲੋਂ ਪੇਸ਼ ਕੀਤੀਆਂ ਸੱਭਿਆਚਾਰਕ ਝਾਕੀਆਂ ਨੇ ਪੰਜਾਬੀ ਸੱਭਿਆਚਾਰ ਦੀ ਲੋਕ ਪੱਖੀ ਛਬੀ ਪੇਸ਼ ਕੀਤੀ।
ਆਰੰਭਕ ਸਮਾਰੋਹ ਦੇ ਮੁੱਖ ਮਹਿਮਾਨ ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਸਨ, ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਉਨ੍ਹਾਂ ਨਾਲ ਉੱਘੇ ਪੰਜਾਬੀ ਗਾਇਕ ਸ਼੍ਰੀ ਸਰਬਜੀਤ ਚੀਮਾ ਅਤੇ ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਅਦਾਕਾਰ ਸ਼੍ਰੀ ਮਲਕੀਤ ਰੌਣੀ ਨੇ ਵੀ ਸ਼ਿਰਕਤ ਕੀਤੀ। ਨਾਲ ਹੀ ਵਿਸ਼ੇਸ਼ ਤੌਰ ਤੇ ਸ ਪ੍ਰਤਾਪ ਸਿੰਘ ਕੈਰੋਂ ਦੀ ਦੋਹਤਰੀ ਕੁਮਾਰੀ ਕੁਸ਼ਲ ਢਿੱਲੋਂ ਦੀ ਹਾਜ਼ਰੀ ਵੀ ਗੌਲਣਯੋਗ ਰਹੀ। ਇਸ ਮੌਕੇ ਪੀ ਏ ਯੂ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਡਾ ਅਸ਼ੋਕ ਕੁਮਾਰ ਅਤੇ ਇੰਜ ਅਮਰਜੀਤ ਸਿੰਘ ਢਿੱਲੋਂ ਖਾਸ ਤੌਰ ਤੇ ਹਾਜ਼ਰ ਸਨ।
ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਕਰਵਾਇਆ ਜਾਂਦਾ ਸਲਾਨਾ ਯੁਵਕ ਮੇਲਾ ਇਸ ਸੰਸਥਾ ਦੀ ਪਛਾਣ ਬਣ ਚੁੱਕਾ ਹੈ। ਇਸ ਮੇਲੇ ਨੇ ਕਲਾ ਅਤੇ ਸੱਭਿਆਚਾਰ ਜਗਤ ਨੂੰ ਕਈ ਮਹਾਨ ਕਲਾਕਾਰ ਦਿੱਤੇ ਹਨ। ਡਾ ਗੋਸਲ ਨੇ ਇਸ ਮੇਲੇ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਜਿੱਤ ਦਾ ਘਮੰਡ ਤੇ ਹਾਰ ਦੀ ਨਮੋਸ਼ੀ ਨੂੰ ਤਜ ਕੇ ਸੁਹਿਰਦਤਾ ਨਾਲ ਮੁਕਾਬਲੇ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਮੁਤਾਬਕ ਹਾਰ ਜਾਂ ਜਿੱਤ ਅਸਥਾਈ ਹਨ, ਭਾਗ ਲੈਣਾ ਸਦੀਵੀ ਅਹਿਸਾਸ ਹੈ। ਵਾਈਸ ਚਾਂਸਲਰ ਨੇ ਕਿਹਾ ਕਿ ਵਿਗਿਆਨ ਦੀ ਯੂਨੀਵਰਸਿਟੀ ਹੋਣ ਦੇ ਬਾਵਜੂਦ ਪੀ ਏ ਯੂ ਕਲਾ, ਸਾਹਿਤ , ਸੱਭਿਆਚਾਰ ਦੀ ਪੈਰਵੀ ਦੇ ਆਪਣੇ ਮੰਤਵ ਉੱਪਰ ਦ੍ਰਿੜ ਰਹੇਗੀ। ਉਨ੍ਹਾਂ ਭਾਗੀਦਾਰਾਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਸਰਬਜੀਤ ਚੀਮਾ ਨੇ ਵਿਦਿਆਰਥੀਆਂ ਨਾਲ ਅਪਣੇ ਸੁਰੀਲੇ ਅੰਦਾਜ਼ ਚ ਗੱਲ ਕਰਦਿਆਂ ਇਨ੍ਹਾਂ ਯੁਵਕ ਮੇਲਿਆਂ ਨੂੰ ਵਿਦਿਆਰਥੀਆਂ ਦੀ ਪ੍ਰਤਿਭਾ ਦੇ ਵਿਕਾਸ ਦੇ ਅਹਿਮ ਮਰਹੱਲੇ ਕਿਹਾ। ਉਨ੍ਹਾਂ ਯਾਦ ਕੀਤਾ ਕਿ ਉਹ ਆਪਣੇ ਵਿਦਿਆਰਥੀ ਜੀਵਨ ਵਿਚ ਹਾਸਿਲ ਹੋਏ ਤਜਰਬੇ ਵੀ ਸਾਂਝੇ ਕੀਤੇ।
ਸ਼੍ਰੀ ਮਲਕੀਤ ਰੌਣੀ ਨੇ ਕਿਹਾ ਕਿ ਯੁਵਕ ਮੇਲੇ ਰੂਹਦਾਰੀ ਦਾ ਮੇਲਾ ਹਨ। ਇਹ ਕਲਾਕਾਰ ਨਹੀਂ ਬਲਕਿ ਸੱਭਿਆਚਾਰ ਦੇ ਅਸਲੀ ਵਾਰਿਸ ਹਨ।
ਸਵਾਗਤ ਦੇ ਸ਼ਬਦ ਕਹਿੰਦਿਆਂ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਨੇ ਦੱਸਿਆ ਕਿ ਆਉਣ ਵਾਲੇ ਤਿੰਨ ਦਿਨ ਪੀ ਏ ਯੂ ਦੇ ਵਿਹੜੇ ਸੰਗੀਤ ਦੀਆਂ ਲਹਿਰੀਆਂ, ਨਾਚ ਦੀ ਥਿਰਕਣ ਅਤੇ ਨਾਟਕਾਂ ਦੇ ਸੰਵਾਦ ਗੂੰਜਦੇ ਰਹਿਣਗੇ। ਉਨ੍ਹਾਂ ਆਸ ਪ੍ਰਗਟਾਈ ਕਿ ਭਾਗੀਦਾਰਾਂ ਵਿਚੋਂ ਬਹੁਤ ਸਾਰੇ ਕਲਾਕਾਰ ਆਪਣੀ ਪ੍ਰਤਿਭਾ ਨਾਲ ਉੱਚਾ ਕਲਾ ਮੁਕਾਮ ਛੂਹਣ ਵਿਚ ਸਫਲ ਰਹਿਣਗੇ।
ਸਹਿਯੋਗੀ ਨਿਰਦੇਸ਼ਕ ਸੱਭਿਆਚਾਰ ਡਾ ਰੁਪਿੰਦਰ ਕੌਰ ਨੇ ਯੁਵਕ ਮੇਲੇ ਦੀ ਰੂਪਰੇਖਾ ਸਾਂਝੀ ਕੀਤੀ। ਉਨ੍ਹਾਂ ਦਰਸ਼ਕਾਂ ਵਜੋਂ ਸ਼ਾਮਿਲ ਵਿਦਿਆਰਥੀਆਂ ਦੇ ਅਨੁਸ਼ਾਸਨ ਬਣਾਈ ਰੱਖਣ ਦੀ ਸਲਾਹੁਤਾ ਵੀ ਕੀਤੀ।
ਅੰਤ ਵਿੱਚ ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ ਮਾਨਵ ਇੰਦਰਾ ਸਿੰਘ ਗਿੱਲ ਨੇ ਸਭ ਦਾ ਧੰਨਵਾਦ ਕੀਤਾ।
ਅੱਜ ਸੋਲੋ ਨਾਚ, ਪੱਛਮੀ ਸਮੂਹ ਗਾਨ, ਲਾਈਟ ਵੋਕਲ ਸੋਲੋ, ਦੋਗਾਣਾ ਅਤੇ ਭਾਰਤੀ ਸਮੂਹ ਗਾਨ ਅਤੇ ਨਾਚ ਦੇ ਮੁਕਾਬਲੇ ਕਰਵਾਏ ਗਏ।
ਇਨ੍ਹਾਂ ਮੁਕਾਬਲਿਆਂ ਵਿਚ ਸੋਲੋ ਨਾਚ ਵਿੱਚ ਪਹਿਲਾ ਸਥਾਨ ਕਮਿਊਨਿਟੀ ਸਾਇੰਸ ਕਾਲਜ ਦੇ ਜਸਨੂਰ ਕੌਰ ਨੇ ਪਹਿਲਾ, ਬਾਗਬਾਨੀ ਅਤੇ ਜੰਗਲਾਤ ਕਾਲਜ ਨਵਪ੍ਰੀਤ ਕੌਰ ਨੇ ਦੂਜਾ ਅਤੇ ਜਸਮੀਨ ਕੌਰ ਬੱਲੋਵਾਲ ਸੌਂਖੜੀ ਖੇਤੀਬਾੜੀ ਕਾਲਜ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਇਸ ਸਮਾਰੋਹ ਦਾ ਸੰਚਾਲਨ ਡਾ ਵਿਸ਼ਾਲ ਬੈਕਟਰ ਅਤੇ ਡਾ ਆਸ਼ੂ ਤੂਰ ਨੇ ਕੀਤਾ।
ਕੱਲ੍ਹ ਦੂਜੇ ਦਿਨ ਕੁਇਜ਼ ਜਨਰਲ, ਸਮੂਹ ਲੋਕ ਨਾਚ, ਮਾਇਮ, ਭੰਡ, ਮੋਨੋ ਐਕਟਿੰਗ ਅਤੇ ਇਕਾਂਗੀ ਦੇ ਮੁਕਾਬਲੇ ਹੋਣਗੇ।

