ਕੋਟਕਪੂਰਾ, 18 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀਨੋ ਵੱਲੋਂ ਹਰ ਸਾਲ ਦੀ ਤਰ੍ਹਾਂ ਸੀਨੀਅਰ ਸੈਕੰਡਰੀ ਕਲਾਸਾਂ ਦੇ ਵਿਦਿਆਰਥੀਆਂ ਦਾ ਵਿਦਿਅਕ ਦੌਰਾ ਚੰਡੀਗੜ੍ਹ ਅਤੇ ਪੰਚਕੁਲਾ ਵਿਖੇ ਕਰਵਾਇਆ ਗਿਆ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਬਲਜੀਤ ਸਿੰਘ ਅਤੇ ਡਾਇਰੈਕਟਰ ਪ੍ਰਿੰਸੀਪਲ ਸ਼੍ਰੀਮਤੀ ਸੁਰਿੰਦਰ ਕੌਰ ਅਤੇ ਪ੍ਰਿੰਸੀਪਲ ਸ਼੍ਰੀਮਤੀ ਸੋਮਾ ਦੇਵੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਸ ਦੀ ਅਗਵਾਈ ਗੁਰਵਿੰਦਰ ਸਿੰਘ ਅਤੇ ਬਲਜੀਤ ਕੌਰ ਵੱਲੋਂ ਕੀਤੀ ਗਈ। ਬੱਚਿਆਂ ਨੂੰ ਸੰਘੋਲ ਵਿਖੇ ਪੁਰਾਤਨ ਸੱਭਿਅਤਾ ਨਾਲ ਸਬੰਧਤ ਅਜਾਇਬ ਘਰ ਦਿਖਾਇਆ ਗਿਆ। ਇਸ ਉਪਰੰਤ ਰੋਜ਼ ਗਾਰਡਨ ਅਤੇ ਬਰਡ ਪਾਰਕ ਚੰਡੀਗੜ੍ਹ ਵਿਖੇ ਲਿਜਾਇਆ ਗਿਆ ਜੋ ਬੱਚਿਆਂ ਲਈ ਬਹੁਤ ਰੌਚਕ ਅਤੇ ਜਾਣਕਾਰੀ ਭਰਪੂਰ ਸੀ। ਸ਼ਾਮ ਹੋਣ ਉਪਰੰਤ ਬੱਚਿਆਂ ਨੇ ਸੁਖਨਾ ਝੀਲ ਦੇ ਖੂਬਸੂਰਤ ਨਜ਼ਾਰਿਆਂ ਦਾ ਆਨੰਦ ਮਾਣਿਆ। ਸਮੇਂ ਸਮੇਂ ਤੇ ਬੱਚਿਆਂ ਦੇ ਖਾਣ ਪੀਣ ਦਾ ਖਾਸ ਧਿਆਨ ਰੱਖਿਆ ਗਿਆ। ਬੱਚਿਆਂ ਦੀ ਰਾਤ ਦੇ ਰੁਕਣ ਲਈ ਵੀ ਵਧੀਆ ਪ੍ਰਬੰਧ ਕੀਤਾ ਗਿਆ। ਸਵੇਰੇ ਨਾਸ਼ਤਾ ਕਰਵਾ ਕੇ ਬੱਚਿਆਂ ਨੂੰ ਮੋਰਨੀ ਦੀਆਂ ਪਹਾੜੀਆਂ ਵਿਖੇ ਲਿਜਾਇਆ ਗਿਆ ਜਿੱਥੇ ਬੱਚਿਆਂ ਨੇ ਬੋਟਿੰਗ ਕਰਕੇ ਖੂਬ ਆਨੰਦ ਮਾਣਿਆ। ਸ਼ਾਮ ਨੂੰ ਫਤਿਹਗੜ੍ਹ ਸਾਹਿਬ ਵਿਖੇ ਗੁਰਦੁਆਰਾ ਕੰਧ ਸਾਹਿਬ ਅਤੇ ਠੰਡੇ ਬੁਰਜ ਵਿੱਚ ਬੱਚੇ ਨਤਮਸਤਕ ਹੋਏ। ਸਾਰੇ ਟੂਰ ਦੌਰਾਨ ਸ਼ਮਿੰਦਰ ਕੌਰ, ਮਨਪ੍ਰੀਤ ਕੌਰ ਅਤੇ ਗੁਰਸ਼ਿੰਦਰ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਖੇਡਾਂ ਸਮੇਤ ਧਾਰਮਿਕ, ਸਮਾਜਿਕ, ਰਾਜਨੀਤੀਕ ਅਤੇ ਸੱਭਿਆਚਾਰਕ ਗਤੀ ਵਿਧੀਆਂ ਵਿੱਚ ਵੀ ਭਾਗ ਲੈਣ ਲਈ ਪ੍ਰੇਰਿਆ ਜਾਂਦਾ ਹੈ ਤਾਂ ਜੋ ਬੱਚੇ ਦਾ ਸਰਵ ਪੱਖੀ ਵਿਕਾਸ ਹੋ ਸਕੇ।

