ਸਪੇਅਰ ਪਾਰਟਸ ਦੀ ਦੁਕਾਨ ਦੇ ਤੋੜੇ ਸ਼ਟਰ, ਦੁਕਾਨ ਅੰਦਰ ਪਈ ਨਗਦੀ ਕੀਤੀ ਗਾਇਬ
ਫਰੀਦਕੋਟ, 20 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸ਼ਹਿਰ ਅੰਦਰ ਲਗਾਤਾਰ ਚੋਰੀਆਂ ਦੇ ਸਿਲਸਿਲੇ ਨੂੰ ਮੁਸ਼ਕਿਲ ਨਾਲ ਠੰਡ ਪਈ ਸੀ ਪਰ ਇੱਕ ਮਹੀਨਾ ਸ਼ਾਂਤੀ ਰਹਿਣ ਤੋਂ ਬਾਅਦ ਮੁੜ ਚੋਰ ਸਰਗਰਮ ਹੋ ਗਏ ਹਨ। ਕੱਲ ਦੇਰ ਰਾਤ ਚੋਰਾਂ ਵੱਲੋਂ ਸ਼ਹਿਰ ਦੇ ਹਰਿੰਦਰਾ ਨਗਰ ਵਿੱਚ ਸਥਿੱਤ ਇੱਕ ਸਪੇਅਰ ਪਾਰਟਸ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ, ਜਿਨ੍ਹਾਂ ਵੱਲੋਂ ਦੁਕਾਨ ਦੇ ਦੋਨੋ ਸ਼ਟਰ ਤੋੜ ਦਿੱਤੇ ਗਏ ਅਤੇ ਦੁਕਾਨ ਦੇ ਅੰਦਰ ਪਈ ਨਗਦੀ ’ਤੇ ਹੱਥ ਸਾਫ਼ ਕਰ ਦਿੱਤਾ, ਹਾਲਾਂਕਿ ਹੋਰ ਕੀ ਨੁਕਸਾਨ ਹੋਇਆ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਸੂਚਨਾ ਮਿਲਣ ’ਤੇ ਪੀ.ਸੀ.ਆਰ. ਦੇ ਮੁਲਾਜ਼ਮ ਮੌਕੇ ’ਤੇ ਪੁੱਜੇ, ਜਿੰਨ੍ਹਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਦੁਕਾਨ ਮਾਲਕ ਸੁਰੇਸ਼ ਗੌਇਲ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਕਾਲ ’ਤੇ ਪਤਾ ਲੱਗਾ ਕਿ ਦੁਕਾਨ ਅੰਦਰ ਚੋਰੀ ਹੋ ਗਈ, ਜਿਸ ਤੋਂ ਬਾਅਦ ਉਹ ਦੁਕਾਨ ’ਤੇ ਆਏ ਤਾਂ ਦੇਖਿਆ ਕਿ ਦੁਕਾਨ ਦੇ ਦੋਨੋ ਸ਼ਟਰ ਭੰਨੇ ਹੋਏ ਸਨ, ਜਿੱਥੇ ਹੇਠ ਦੀ ਚੋਰ ਵੜ ਦੁਕਾਨ ਦਾ ਗੱਲਾ ਤੋੜ ਕੇ ਉਸ ਵਿੱਚ ਪਿਆ ਕਰੀਬ 10 ਹਜ਼ਾਰ ਰੁਪਏ ਦੀ ਨਗਦੀ ਗਾਇਬ ਕਰ ਦਿੱਤੀ। ਉਨ੍ਹਾਂ ਕਿਹਾ ਕਿ ਹਜੇ ਹੋਰ ਕੀ ਨੁਕਸਾਨ ਹੋਇਆ, ਇਸ ਬਾਰੇ ਬਾਅਦ ਵਿੱਚ ਪਤਾ ਲੱਗੇਗਾ। ਉਨ੍ਹਾਂ ਹੈਰਾਨੀ ਜਾਹਰ ਕਰਦਿਆਂ ਕਿਹਾ ਕਿ ਇਹ ਮੇਨ ਸੜਕ ਜਿੱਥੇ ਹਮੇਸ਼ਾਂ ਆਵਾਜਾਈ ਰਹਿੰਦੀ ਹੈ ਅਤੇ ਇਸੇ ਸੜਕ ’ਤੇ ਪੁਲਿਸ ਲਾਈਨ, ਐਸਐਸਪੀ ਰਿਹਾਇਸ਼, ਡੀ.ਸੀ. ਰਿਹਾਇਸ਼ ਅਤੇ ਥਾਣਾ ਸਦਰ ਹੈ, ਜਿੱਥੇ ਹਮੇਸ਼ਾਂ ਪੁਲਿਸ ਦੀ ਗਸ਼ਤ ਰਹਿੰਦੀ ਹੈ, ਜੇਕਰ ਇਹ ਜਗਾ ਵੀ ਸੁਰੱਖਿਅਤ ਨਹੀਂ ਤਾਂ ਹੋਰ ਕਿਤੇ ਕੀ ਸੁਰੱਖਿਆ ਹੋ ਸਕਦੀ ਹੈ?

