ਪੁਲਿਸ ਕਰਮਚਾਰੀਆਂ ਦੀ ਟੁਕੜੀ ਨੇ ਸਤਿਕਾਰ ਸਹਿਤ ਦਿੱਤੀ ਸਲਾਮੀ : ਐਸ.ਐਸ.ਪੀ

ਕੋਟਕਪੂਰਾ, 21 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸਾਲਾ ਸ਼ਹੀਦੀ ਦਿਵਸ ਅਤੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਅਤੇ ਬਾਬਾ ਜੈਤਾ ਜੀ ਦੀਆ ਅਮਰ ਕੁਰਬਾਨੀਆਂ ਨੂੰ ਸਮਰਪਿਤ 20 ਨਵੰਬਰ ਨੂੰ ਫ਼ਰੀਦਕੋਟ ਤੋਂ ਅਨੰਦਪੁਰ ਸਾਹਿਬ ਲਈ ਰਵਾਨਾ ਹੋਣ ਵਾਲੇ ਮਾਲਵਾ ਜ਼ੋਨ ਦੇ ਅਲੌਕਿਕ ਨਗਰ ਕੀਰਤਨ ਦਾ ਆਰੰਭ ਕਿਲਾ ਮੁਬਾਰਕ ਫਰੀਦਕੋਟ ਤੋ ਹੋਇਆ। ਇਸ ਦੌਰਾਨ ਫਰੀਦਕੋਟ ਪੁਲਿਸ ਵੱਲੋ ਸੁਰੱਖਿਆ ਅਤੇ ਟ੍ਰੈਫਿਕ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਸੁਰੱਖਿਆ ਸਬੰਧੀ ਪੁਖਤਾ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ. ਫਰੀਦਕੋਟ ਵੱਲੋ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਉਹਨਾ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਅਤੇ ਸ਼ਰਧਾ ਸਹਿਤ ਸੀਸ ਝੁਕਾਇਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਫਰੀਦਕੋਟ ਪੁਲਿਸ ਦੇ ਕਰਮਚਾਰੀਆ ਦੀ ਟੁਕੜੀ ਵੱਲੋਂ ਸਤਿਕਾਰ ਸਹਿਤ ਸਲਾਮੀ ਦਿੱਤੀ ਗਈ। ਇਸ ਮੌਕੇ ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਨੇ ਕਿਹਾ ਕਿ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਸਾਨੂੰ ਹਮੇਸ਼ਾ ਸਚਾਈ, ਨਿਮਰਤਾ ਅਤੇ ਸੇਵਾ ਦੇ ਰਾਹ ’ਤੇ ਤੁਰਨ ਲਈ ਪ੍ਰੇਰਿਤ ਕਰਦੀਆਂ ਹਨ। ਉਹਨਾ ਇਹ ਵੀ ਕਿਹਾ ਕਿ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਸਾਨੂੰ ਇਸ ਪਵਿੱਤਰ ਨਗਰ ਕੀਰਤਨ ਵਿੱਚ ਸਿਰਫ ਸ਼ਾਮਿਲ ਹੋਣ ਦਾ ਹੀ ਨਹੀਂ, ਸਗੋਂ ਗੁਰੂ ਸਾਹਿਬ ਦੀ ਪਾਲਕੀ ਨੂੰ ਸਤਿਕਾਰ ਭਾਵ ਨਾਲ ਸਲਾਮੀ ਦੇਣ ਦਾ ਵੀ ਮੌਕਾ ਮਿਲਿਆ। ਇਸਦੇ ਨਾਲ ਹੀ ਉਹਨਾ ਦੱਸਿਆ ਕਿ ਨਗਰ ਕੀਰਤਨ ਨੂੰ ਸੁਚਾਰੂ ਅਤੇ ਸੁਰੱਖਿਅਤ ਢੰਗ ਨਾਲ ਰਵਾਨਾ ਕਰਨ ਲਈ ਫਰੀਦਕੋਟ ਪੁਲਿਸ ਵੱਲੋਂ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ। ਜਿਸ ਲਈ ਸ਼ਹਿਰ ਦੇ ਸੰਵੇਦਨਸ਼ੀਲ ਥਾਵਾਂ ’ਤੇ ਅਤਿਰਿਕਤ ਪੁਲਿਸ ਫੋਰਸ ਤਾਇਨਾਤ ਕੀਤੀ ਗਈ, ਜਦਕਿ ਨਗਰ ਕੀਰਤਨ ਰੂਟ ’ਤੇ ਸੁਰੱਖਿਆ ਲਈ ਖ਼ਾਸ ਟੀਮਾਂ ਨਿਯੁਕਤ ਕੀਤੀਆਂ ਗਈਆਂ। ਐਸ.ਐਸ.ਪੀ ਫਰੀਦਕੋਟ ਨੇ ਕਿਹਾ ਕਿ ਟ੍ਰੈਫਿਕ ਨੂੰ ਬਿਨਾ ਰੁਕਾਵਟ ਚਲਾਇਆ ਜਾ ਸਕੇ, ਇਸ ਲਈ ਪਹਿਲਾਂ ਤੋਂ ਟ੍ਰੈਫਿਕ ਡਾਈਵਰਜ਼ਨ ਪਲਾਨ ਜਾਰੀ ਕਰਕੇ ਮਹੱਤਵਪੂਰਨ ਚੌਕਾਂ ਅਤੇ ਰਸਤੇ ‘ਤੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ। ਫਰੀਦਕੋਟ ਪੁਲਿਸ ਨੇ ਨਗਰ ਕੀਰਤਨ ਦੇ ਪੂਰੇ ਰੂਟ ਦੀ ਰੀਅਲ-ਟਾਈਮ ਮਾਨੀਟਰਿੰਗ ਕੀਤੀ ਤਾਂ ਜੋ ਕੋਈ ਵੀ ਅਣਚਾਹੀ ਘਟਨਾ ਜਾਂ ਭੀੜ-ਭਾੜ ਪੈਦਾ ਨਾ ਹੋਵੇ ਅਤੇ ਸਮੂਹਿਕ ਸਮਾਗਮ ਸ਼ਾਂਤੀਪੂਰਨ ਢੰਗ ਨਾਲ ਪੂਰਾ ਹੋ ਸਕੇ।
