ਸੂਬਾਈ ਪੱਧਰ ਤੇ ਅਵਲ ਰਹੇ ਵਿਦਿਆਰਥੀਆਂ ਨੂੰ ਕੀਤਾ ਜਾਵੇਗਾ ਸਨਮਾਨਿਤ
ਬਰਨਾਲਾ 21 ਨਵੰਬਰ (ਸੁਮੀਤ ਅੰਮ੍ਰਿਤਸਰ/ਵਰਲਡ ਪੰਜਾਬੀ ਟਾਈਮਜ਼)
ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਗ਼ਦਰ ਲਹਿਰ ਦੀ ਨਾਇਕਾ ਗ਼ਦਰੀ ਗੁਲਾਬ ਕੌਰ ਨੂੰ ਸਮਰਪਿਤ ਸੱਤਵੀਂ ਸੂਬਾਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿੱਚ ਪੰਜਾਬ ਪੱਧਰ ਤੇ ਅਵਲ ਆਉਣ ਵਾਲੇ ਵਿਦਿਆਰਥੀਆਂ ਦਾ ਸੂਬਾਈ ਸਨਮਾਨ ਸਮਾਗਮ 23 ਨਵੰਬਰ ਐਤਵਾਰ ਨੂੰ ਤਰਕਸ਼ੀਲ ਭਵਨ,ਬਰਨਾਲਾ ਵਿਖੇ ਸਵੇਰੇ 11 ਵਜੇ ਹੋਵੇਗਾ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾਈ ਜੱਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ, ਵਿਦਿਆਰਥੀ ਚੇਤਨਾ ਪ੍ਰੀਖਿਆ ਵਿਭਾਗ ਦੇ ਮੁਖੀ ਗੁਰਪ੍ਰੀਤ ਸ਼ਹਿਣਾ ਅਤੇ ਸੂਬਾਈ ਮੀਡੀਆ ਮੁਖੀ ਸੁਮੀਤ ਅੰਮ੍ਰਿਤਸਰ ਨੇ ਦੱਸਿਆ ਕਿ ਛੇਵੀਂ ਤੋਂ ਤੇਰ੍ਹਵੀਂ ਜਮਾਤ ਤੱਕ ਮੈਰਿਟ ਵਿੱਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਨਕਦ ਇਨਾਮ, ਤਰਕਸ਼ੀਲ਼ ਕਿਤਾਬਾਂ,ਯਾਦਗਾਰੀ ਚਿੰਨ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਅਤੇ ਉੱਘੇ ਸਾਹਿਤਕਾਰ ਗੁਰਮੀਤ ਕੜਿਆਲਵੀ ਵਿਦਿਆਰਥੀਆਂ ਨੂੰ ਸੰਬੋਧਨ ਕਰਨਗੇ।
ਤਰਕਸ਼ੀਲ਼ ਆਗੂਆਂ ਨੇ ਦੱਸਿਆ ਕਿ ਇਸ ਮੌਕੇ ਚੇਤਨਾ ਪ੍ਰੀਖਿਆ ਵਿੱਚ ਉੱਤਮ ਕਾਰਗੁਜ਼ਾਰੀ ਵਿਖਾਉਣ ਵਾਲੀਆਂ ਤਰਕਸ਼ੀਲ ਇਕਾਈਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।
ਤਰਕਸ਼ੀਲ਼ ਸੁਸਾਇਟੀ ਦੀ ਸੂਬਾ ਵਰਕਿੰਗ ਕਮੇਟੀ ਨੇ ਵਿਦਿਆਰਥੀ ਚੇਤਨਾ ਪ੍ਰੀਖਿਆ ਨਾਲ ਸੰਬੰਧਿਤ ਸਮੂਹ ਸਕੂਲ ਮੁਖੀਆਂ,ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ,ਸਮੂਹ ਤਰਕਸ਼ੀਲ ਇਕਾਈਆਂ ਅਤੇ ਜੋਨ ਮੁਖੀਆਂ ਨੂੰ ਇਸ ਸਮਾਗਮ ਵਿੱਚ ਪਹੁੰਚਣ ਦਾ ਵਿਸ਼ੇਸ਼ ਸੱਦਾ ਦਿੱਤਾ ਹੈ।
