ਕੋਟਕਪੂਰਾ ਵਿਖੇ ਨਸ਼ਾ ਤਸਕਰ ਦੀ ਨਜਾਇਜ ਉਸਾਰੀ ’ਤੇ ਚੱਲਿਆ ਪੀਲਾ ਪੰਜਾ
ਨਸ਼ਾ ਤਸਕਰਾਂ ਦੀ 9 ਕਰੋੜ ਤੋਂ ਜਿਆਦਾ ਕੀਮਤ ਦੀ ਜਾਇਦਾਦ ਕਰਵਾਈ ਫਰੀਜ : ਐਸ.ਐਸ.ਪੀ.

ਕੋਟਕਪੂਰਾ, 22 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਰੰਭ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਰਕਾਰ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਜਾਰੀ ਹੈ। ਇਸੇ ਲੜੀ ਤਹਿਤ ਅੱਜ ਕੋਟਕਪੂਰਾ ਵਿੱਚ ਪ੍ਰਸ਼ਾਸ਼ਨ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਗਈ ਉਸਾਰੀ ਨੂੰ ਢਾਇਆ ਗਿਆ। ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਸਿਟੀ ਕੋਟਕਪੂਰਾ ਦੀ ਹੱਦ ਅੰਦਰ ਆਉਂਦੇ ਕੋਟਕਪੂਰਾ ਸ਼ਹਿਰ ਦੇ ਜਲਾਲੇਆਣਾ ਰੋਡ ਇੰਦਰਾ ਕਲੋਨੀ ਵਿੱਚ ਨਜਾਇਜ ਉਸਾਰੀ ਕੀਤੀ ਗਈ ਸੀ। ਇਸ ਸਬੰਧੀ ਸਮਰੱਥ ਅਥਾਰਟੀ ਤੋਂ ਇਸ ਨੂੰ ਢਾਹੁਣ ਮੌਕੇ ਸੁਰੱਖਿਆ ਪ੍ਰਬੰਧ ਕਰਨ ਦੀਆਂ ਹਦਾਇਤਾਂ ਪ੍ਰਾਪਤ ਹੋਈਆਂ ਸਨ। ਜਿਸ ਤੋਂ ਬਾਅਦ ਸਿਵਲ ਪ੍ਰਸ਼ਾਸ਼ਨ ਵੱਲੋਂ ਕਾਰਵਾਈ ਕਰਦਿਆਂ ਇਸ ਨਜਾਇਜ ਉਸਾਰੀ ਨੂੰ ਢਾਹ ਦਿੱਤਾ ਗਿਆ। ਉਹਨਾ ਦੱਸਿਆ ਕਿ ਇੱਥੋ ਦੇ ਰਿਹਾਇਸ਼ੀ ਵਿਸ਼ਾਲ ਪੁੱਤਰ ਦਾਸ ਰਾਮ ਦੇ ਕ੍ਰਿਮੀਨਲ ਰਿਕਾਰਡ ਦੀ ਜਾਂਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਵਿਸ਼ਾਲ ਖਿਲਾਫ ਨਸ਼ੇ ਦੀ ਤਸਕਰੀ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿਖੇ ਮੁਕੱਦਮਾ ਦਰਜ ਰਜਿਸਟਰ ਹੈ। ਇਸ ਮੌਕੇ ਬਤੌਰ ਡਿਊਟੀ ਮੈਜਿਸਟ੍ਰੇਟ, ਰੁਪਿੰਦਰ ਪਾਸ ਸਿੰਘ ਬੱਲ, ਤਹਿਸੀਲਦਾਰ ਕੋਟਕਪੂਰਾ ਸਮੇਤ ਸਿਵਲ ਪ੍ਰਸ਼ਾਸ਼ਨ ਦੇ ਹੋਰ ਅਧਿਕਾਰੀ ਵੀ ਮੌਕੇ ’ਤੇ ਮੌਜੂਦ ਸਨ। ਇਸ ਮੌਕੇ ਮੌਜੂਦ ਕਾਰਜ ਸਾਧਕ ਅਫਸਰ, ਨਗਰ ਕੌਸਲ ਕੋਟਕਪੂਰਾ ਅੰਮ੍ਰਿਤ ਲਾਲ ਨੇ ਦੱਸਿਆ ਕਿ ਇਹ ਉਸਾਰੀ ਵਿਸ਼ਾਲ ਪੁੱਤਰ ਦਾਸ ਰਾਮ ਵੱਲੋਂ ਨਜਾਇਜ ਤੌਰ ’ਤੇ ਕੀਤੀ ਗਈ ਸੀ। ਜਿਸ ਸਬੰਧੀ ਇਹਨਾ ਨੂੰ ਹਟਾਉਣ ਸਬੰਧੀ ਹਦਾਇਤ ਵੀ ਕੀਤੀ ਗਈ ਸੀ ਪਰ ਕਬਜਾਕਾਰੀਆਂ ਵੱਲੋਂ ਇਸ ਜਗਾ ਨੂੰ ਖਾਲੀ ਨਾ ਕਰਨ ਕਰਕੇ ਇੱਥੇ ਬਲਡੋਜਰ ਕਾਰਵਾਈ ਕੀਤੀ ਗਈ ਹੈ। ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਵੱਲੋ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਵਿਆਪਕ ਪੱਧਰ ’ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਜੋ ਕੋਈ ਵੀ ਨਸ਼ੇ ਵੇਚ ਕੇ ਜਾਇਦਾਦ ਬਣਾਏਗਾ ਉਸ ਨੂੰ ਸਮਰੱਥ ਅਥਾਰਟੀ ਪਾਸੋ ਕਾਨੂੰਨੀ ਪ੍ਰਕਿਰਿਆ ਮੁਤਾਬਿਕ ਮਨਜੂਰੀ ਹਾਸਿਲ ਉਪਰੰਤ ਅਟੈਚ ਕਰਵਾਇਆ ਜਾਵੇਗਾ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਫਰੀਦਕੋਟ ਪੁਲਿਸ ਵੱਲੋਂ ਯੁੱਧ ਨਸ਼ਿਆ ਵਿਰੁੱਧ ਤਹਿਤ ਕਾਰਵਾਈ ਕਰਦੇ ਹੋਏ ਮਾਰਚ-2025 ਤੋ ਹੁਣ ਤੱਕ 686 ਮੁਕੱਦਮੇ ਦਰਜ ਕਰਕੇ 1054 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦੌਰਾਨ 26 ਕਿਲੋ ਤੋ ਵੱਧ ਹੈਰੋਇਨ, 6 ਕਿਲੋ ਅਫੀਮ, 20 ਕੁਇੰਟਲ ਦੇ ਕਰੀਬ ਪੋਸਤ, 21 ਹਜਾਰ ਨਸ਼ੀਲੀਆਂ ਗੋਲੀਆ/ਕੈਪਸੂਲ ਅਤੇ 9 ਲੱਖ 78 ਹਜਾਰ ਦੇ ਕਰੀਬ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਇਸਦੇ ਨਾਲ ਹੀ ਹੁਣ ਤੱਕ ਨਸ਼ਾ ਤਸਕਰਾ ਦੀ ਕਰੀਬ 9 ਕਰੋੜ ਤੋ ਜਿਆਦਾ ਕੀਮਤ ਦੀ ਜਾਇਦਾਦ ਪਿਛਲੇ ਕਰੀਬ 15 ਮਹੀਨਿਆਂ ਦੌਰਾਨ ਹੀ ਫਰੀਜ ਕਰਵਾਈ ਗਈ ਹੈ। ਇਸ ਦੌਰਾਨ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ. (ਇਨਵੈਸਟੀਗੇਸ਼ਨ) ਫਰੀਦਕੋਟ, ਸੰਜੀਵ ਕੁਮਾਰ ਡੀ.ਐਸ.ਪੀ. (ਸਬ-ਡਵੀਜਨ) ਕੋਟਕਪੂਰਾ ਸਮੇਤ ਮੁੱਖ ਅਫਸਰ ਥਾਣਾ ਸਿਟੀ ਕੋਟਕਪੂਰਾ ਵੀ ਮੌਕੇ ਪਰ ਮੌਜੂਦ ਰਹੇ। ਇਸ ਮੌਕੇ ਸਥਾਨਿਕ ਮੁਹੱਲਾ ਵਾਸੀਆਂ ਨੇ ਢੁੱਕਵੀ ਕਾਰਵਾਈ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਅਤੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਸੋਦਾਗਰਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਬਹੁਤ ਸ਼ਲਾਘਾਯੋਗ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਿਸ ਦੇ ਅਧਿਕਾਰੀਆਂ ਨੇ ਇਸ ਮੌਕੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਨਸ਼ਿਆਂ ਦੇ ਖਤਮੇ ਲਈ ਪੰਜਾਬ ਸਰਕਾਰ ਪੂਰੀ ਤਰਾਂ ਉਨ੍ਹਾਂ ਦੇ ਨਾਲ ਹੈ ਅਤੇ ਨਸ਼ਿਆਂ ਦਾ ਸ਼ਿਕਾਰ ਲੋਕਾਂ ਦਾ ਇਲਾਜ ਕਰਕੇ ਉਨ੍ਹਾਂ ਦੇ ਪੁਨਰਵਾਸ ਵਿੱਚ ਪੂਰੀ ਸਹਾਇਤਾ ਕੀਤੀ ਜਾਵੇਗੀ। ਵਿਸ਼ਾਲ ਖਿਲਾਫ ਸਿਟੀ ਥਾਣਾ ਕੋਟਕਪੂਰਾ ਐਨਡੀਪੀਐਸ ਐਕਟ ਤਹਿਤ ਇਕ ਮੁਕੱਦਮਾ ਦਰਜ ਹੈ।

