ਨੌਜਵਾਨਾਂ ਨੂੰ ਸੈਸ਼ਨ ਪ੍ਰਣਾਲੀ ਨਾਲ ਜੋੜਨ ਲਈ ਇਸ ਦੇ ਸੈਸ਼ਨ ਭਵਿਖ ਵਿੱਚ ਵੀ ਆਯੋਜਿਤ ਕੀਤੇ ਜਾਣਗੇ : ਸਪੀਕਰ ਸੰਧਵਾਂ
ਕੋਟਕਪੂਰਾ, 25 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਵੱਲੋਂ 26 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਇੱਕ ਦਿਨ ਲਈ ਸਪੈਸ਼ਲ ਵਿਦਿਆਰਥੀ ਸੈਸ਼ਨ ਬੁਲਾਇਆ ਗਿਆ ਹੈ। ਇਹ ਸੈਸ਼ਨ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੇ ਸਰਕਾਰੀ ਸਕੂਲਾਂ ਵਿੱਚੋਂ ਚੁਣ ਕੇ ਆਏ ਵਿਦਿਆਰਥੀ ਚਲਾਉਣਗੇ, ਜਿੰਨ੍ਹਾਂ ਵਿੱਚ ਜਿਲ੍ਹਾ ਫਰੀਦਕੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਵਿਦਿਆਰਥੀ ਜਗਮੰਦਰ ਸਿੰਘ ਵਿਧਾਨ ਸਭਾ ਹਲਕਾ ਕੋਟਕਪੂਰਾ ਦੀ ਇੱਕ ਦਿਨ ਲਈ ਨੁਮਾਇੰਦਗੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਵਜੋਂ ਕਰੇਗਾ। ਜਗਮੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਵਿੱਚ ਰਾਜਨੀਤਿਕ ਜਾਗਰੂਕਤਾ ਪੈਦਾ ਕਰਨ ਲਈ 26 ਨਵੰਬਰ ਨੂੰ ਸੰਵਿਧਾਨ ਦਿਵਸ ਦੇ ਮੌਕੇ ’ਤੇ ਇੱਕ ਦਿਨ ਲਈ ਵਿਧਾਨ ਸਭਾ ਦਾ ਸੈਸ਼ਨ ਵਿਦਿਆਰਥੀਆਂ ਦੁਆਰਾ ਚਲਾਉਣ ਦਾ ਫ਼ੈਸਲਾ ਕੀਤਾ ਹੈ। ਸੈਸ਼ਨ ਵਿੱਚ ਵਿਧਾਨ ਸਭਾ ਸਪੀਕਰ, ਮੁੱਖ ਮੰਤਰੀ ਅਤੇ ਵਿਧਾਇਕ ਦਾ ਰੋਲ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਕਰਨਗੇ। ਇਸ ਨਾਲ ਵਿਦਿਆਰਥੀਆਂ ਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਵੀ ਮਿਲੇਗਾ। ਜਗਮੰਦਰ ਸਿੰਘ ਨੇ ਕਿਹਾ ਕਿ ਉਹ ਬਹੁਤ ਮਾਣ ਮਹਿਸੂਸ ਕਰ ਰਿਹਾ ਹੈ ਕਿ ਉਹ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਵਿੱਚ ਬਤੌਰ ਵਿਧਾਇਕ ਵਜੋਂ ਜਾ ਰਿਹਾ ਹੈ ਅਤੇ ਉੱਥੇ ਜਾ ਕੇ ਸਦਨ ਦੀ ਮਾਣਮੱਤੀ ਪਦਵੀ ਸਪੀਕਰ ਦੀ ਕੁਰਸੀ ਤੇ ਬਿਰਾਜਮਾਨ ਹੋਵੇਗਾ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਚੁਣੇ ਹੋਏ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਜਦੋਂ ਕੋਈ ਰਾਜ ਸਰਕਾਰ ਇਹ ਸੰਕਲਪ ਲੈਂਦੀ ਹੈ ਕਿ ‘ਅਸੀਂ ਆਪਣੇ ਬੱਚਿਆਂ ਨੂੰ ਸਿਰਫ਼ ਪੜਾਵਾਂਗੇ ਹੀ ਨਹੀਂ, ਸਗੋਂ ਉਨ੍ਹਾਂ ਨੂੰ ਜਿਊਣਾ ਵੀ ਸਿਖਾਵਾਂਗੇ’ ਤਾਂ ਸਿੱਖਿਆ ਸਿਰਫ਼ ਪਾਠ-ਪੁਸਤਕ ਦਾ ਇੱਕ ਅਧਿਆਇ ਨਹੀਂ ਰਹਿ ਜਾਂਦੀ, ਇਹ ਇੱਕ ਇਨਕਲਾਬ ਬਣ ਜਾਂਦੀ ਹੈ। ਉਹ ਇਨਕਲਾਬ ਹੁਣ ਪੰਜਾਬ ਦੀ ਮਿੱਟੀ ਵਿੱਚ ਪੈਦਾ ਹੋ ਗਿਆ ਹੈ। ਜਿਸਦੀ ਬਦੌਲਤ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਵਿੱਚ 26 ਨਵੰਬਰ ਨੂੰ ਵਿਸ਼ੇਸ਼ ‘ਵਿਦਿਆਰਥੀ ਸੈਸ਼ਨ’ ਆਯੋਜਿਤ ਕੀਤਾ ਜਾਵੇਗਾ। ਰਾਜ ਭਰ ਦੇ ਸਰਕਾਰੀ ਸਕੂਲਾਂ-ਕਾਲਜਾਂ ਤੋਂ ਚੁਣੇ ਵਿਦਿਆਰਥੀ ਮੁੱਖ ਮੰਤਰੀ, ਸਪੀਕਰ, ਮੰਤਰੀਆਂ, ਵਿਧਾਇਕਾਂ ਅਤੇ ਵਿਰੋਧੀ ਧਿਰ ਦੀਆਂ ਭੂਮਿਕਾਵਾਂ ਨਿਭਾਉਣਗੇ। ਇਹ ਪੂਰੀ ਤਰ੍ਹਾਂ ਸਾਕਾਰ ਸੈਸ਼ਨ ਹੋਵੇਗਾ। ਸਪੀਕਰ ਸੰਧਵਾਂ ਨੇ ਦੱਸਿਆ ਕਿ ਪ੍ਰੋਗਰਾਮ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਲੋਕਤੰਤਰੀ ਪ੍ਰਕਿਰਿਆ, ਸੰਵਿਧਾਨ ਅਤੇ ਵਿਧਾਨਕ ਕਾਰਵਾਈਆਂ ਬਾਰੇ ਜਾਗਰੂਕ ਕਰਨਾ ਹੈ। ਵਿਦਿਆਰਥੀ ਪ੍ਰਸ਼ਨ ਕਾਲ, ਜ਼ੀਰੋ ਆਵਰ, ਮੁਲਤਵੀ ਪ੍ਰਸਤਾਵ, ਬਿੱਲ ਪੇਸ਼ ਕਰਨ ਅਤੇ ਚਰਚਾ ਵਿੱਚ ਹਿੱਸਾ ਲੈਣਗੇ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਅਜਿਹੇ ਸੈਸ਼ਨ ਹਰ ਸਾਲ ਆਯੋਜਿਤ ਕੀਤੇ ਜਾਣਗੇ ਤਾਂ ਜੋ ਨੌਜਵਾਨ ਸ਼ਾਸਨ ਪ੍ਰਣਾਲੀ ਨਾਲ ਸਿੱਧਾ ਜੁੜ ਸਕਣ। ਇਹ ਪਹਿਲ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪਾਰਦਰਸ਼ੀ, ਸਿੱਖਿਅਤ ਅਤੇ ਸੂਚਿਤ ਸ਼ਾਸਨ ਨੂੰ ਉਤਸ਼ਾਹਿਤ ਕਰੇਗੀ। ਵਿਦਿਆਰਥੀ ਸਮਝਣਗੇ ਕਿ ਨੀਤੀਆਂ ਕਿਵੇਂ ਬਣਦੀਆਂ ਹਨ, ਬਹਿਸ ਹੁੰਦੀ ਹੈ ਅਤੇ ਲਾਗੂ ਕੀਤੀਆਂ ਜਾਂਦੀਆਂ ਹਨ। ਇਹ ਕਦਮ ਨੌਜਵਾਨਾਂ ਵਿੱਚ ਰਾਜਨੀਤੀ ਪ੍ਰਤੀ ਸਕਾਰਾਤਮਕ ਭਾਗੀਦਾਰੀ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰੇਗਾ।

