ਚਾਰ ਮੁਲਜਮਾ ਨੂੰ ਕਾਬੂ ਕਰਕੇ 4 ਪਿਸਟਲ ਕੀਤੇ ਬਰਾਮਦ : ਐਸ.ਐਸ.ਪੀ.
ਗ੍ਰਿਫਤਾਰ ਮੁਲਜਮਾ ਵੱਲੋਂ ਅਸਲੇ ਨਾਲ ਸੂਬੇ ਅੰਦਰ ਵੱਡੀਆ ਵਾਰਦਾਤਾਂ ਨੂੰ ਦਿੱਤਾ ਜਾਣਾ ਸੀ ਅੰਜਾਮ
ਕੁੱਲ 02 ਪਿਸਟਲ 09 ਐਮ.ਐਮ , 01 ਪਿਸਟਲ .30 ਬੋਰ, 01 ਪਿਸਟਲ .30 ਬੋਰ ਬਰੇਟਾ ਅਤੇ 15 ਰੌਦ ਕੀਤੇ ਗਏ ਬਰਾਮਦ
ਸ਼ੁਰੂਆਤੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਦੋਸ਼ੀ ਲੁਧਿਆਣੇ ਵਿੱਚ ਕਤਲ ਕਰਨ ਦੀ ਯੋਜਨਾ ਬਣਾ ਰਹੇ ਸਨ
ਪਾਕਿਸਤਾਨ ਤੋ ਆਏ ਨਜਾਇਜ ਅਸਲੇ ਦੀ ਖੇਪ ਨਾਲ ਜਿਲ੍ਹੇ ਅੰਦਰ ਕਿਸੇ ਵੱਡੀ ਵਾਰਦਾਤ ਨੂੰ ਦਿੱਤਾ ਜਾਣਾ ਸੀ ਅੰਜਾਮ

ਫਰੀਦਕੋਟ, 26 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਇੱਕ ਸੁਰੱਖਿਅਤ ਸੂਬਾ ਬਣਾਈ ਰੱਖਣ ਦੀ ਮੁਹਿੰਮ ਅਤੇ ਗੌਰਵ ਯਾਦਵ ਡੀ.ਜੀ.ਪੀ. ਪੰਜਾਬ ਦੇ ਹੁਕਮਾ ਅਨੁਸਾਰ ਮਾੜੇ ਅਨਸਰਾਂ ਖਿਲਾਫ ਜੀਰੋ ਟਾਲਰੈਸ ਦੀ ਨੀਤੀ ਤਹਿਤ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ। ਇਸ ਮੁਹਿੰਮ ਦੇ ਹਿੱਸੇ ਵਜੋਂ ਸ਼੍ਰੀਮਤੀ ਨਿਲਾਂਬਰੀ ਜਗਦਲੇ ਡੀ.ਆਈ.ਜੀ ਫਰੀਦਕੋਟ ਰੇਂਜ ਦੀ ਅਗਵਾਈ ਹੇਠ ਇੰਟੈਲੀਜੈਸ-ਅਧਾਰਿਤ ਆਪਰੇਸ਼ਨ ਦੌਰਾਨ ਫਰੀਦਕੋਟ ਪੁਲਿਸ ਨੇ 02 ਟਾਰਗੇਟ ਕਿਲਿੰਗ ਮਡਿਊਲ ਦਾ ਪਰਦਾਫਾਸ ਕਰਕੇ ਇਸ ਵਿੱਚ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਇਹ ਜਾਣਕਾਰੀ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਵੱਲੋ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ ਗਈ। ਉਹਨਾ ਦੱਸਿਆ ਕਿ 24 ਨਵੰਬਰ ਨੂੰ ਸੀ.ਆਈ.ਏ ਸਟਾਫ ਦੀ ਪੁਲਿਸ ਪਾਰਟੀ ਚੈਕਿੰਗ ਦੇ ਸਬੰਧ ਵਿੱਚ ਤਲਵੰਡੀ ਰੋਡ ਫਰੀਦਕੋਟ ਤੋ ਸਰਹਿੰਦ ਨਹਿਰ ਦੇ ਨਾਲ-ਨਾਲ ਕੱਚੀ ਪਹੀ ਹੁੰਦੇ ਹੋਏ ਪਿੰਡ ਭੋਲੂਵਾਲਾ ਨੂੰ ਜਾ ਰਹੇ ਸੀ ਤਾ ਪੁਲਿਸ ਪਾਰਟੀ ਨੂੰ ਕੱਚੀ ਪਹੀ ਪਰ ਇੱਕ ਕਾਰ ਮਾਰਕਾ ਈਟੋਸ ਖੜੀ ਮਿਲੀ, ਜਿਸਨੂੰ ਸ਼ੱਕ ਦੇ ਅਧਾਰ ਤੇ ਚੈਕ ਕੀਤਾ ਗਿਆ ਤਾਂ ਗੱਡੀ ਵਿੱਚ ਸਵਾਰ ਦੋਸ਼ੀਆ ਪਾਸੋ 01 ਪਿਸਟਲ .30 ਬੋਰ, 01 ਪਿਸਟਲ .30 ਬੋਰ ਬਰੇਟਾ ਅਤੇ 15 ਰੌਦ ਬਰਾਮਦ ਕੀਤੇ ਗਏ। ਗ੍ਰਿਫਤਾਰ ਵਿਅਕਤੀਆ ਦੀ ਪਹਿਚਾਣ ਜਤਿੰਦਰ ਸਿੰਘ ਉਰਫ ਸੋਨੂੰ (ਵਾਸੀ ਪੱਤੀ ਰੋਡ ਜਿਲਾ ਬਰਨਾਲਾ), ਜਸ਼ਨਜੋਤ ਸਿੰਘ ਉਰਫ ਜੱਸਾ (ਵਾਸੀ ਪਿੰਡ ਹਰੀ ਨੌ ਜਿਲਾ ਫਰੀਦਕੋਟ) ਅਤੇ ਮਨਪ੍ਰੀਤ ਸਿੰਘ ਉਰਫ ਅਰਮਾਨ (ਵਾਸੀ ਪਿੰਡ ਮੋੜ ਜਿਲਾ ਫਰੀਦਕੋਟ) ਵਜੋ ਹੋਈ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀਆ ਦੇ ਕਬਜੇ ਵਿੱਚੋ 01 ਪਿਸਟਲ .30 ਬੋਰ, 01 ਪਿਸਟਲ .30 ਬੋਰ ਬਰੇਟਾ ਅਤੇ 15 ਰੌਦ ਬਰਾਮਦ ਕੀਤੇ ਗਏ ਹਨ। ਇਸ ਦੇ ਨਾਲ ਹੀ ਪੁਲਿਸ ਪਾਰਟੀ ਵੱਲੋ ਮੌਕੇ ਪਰ 01 ਈਟੋਸ ਕਾਰ ਵੀ ਕਬਜੇ ਵਿੱਚ ਲਈ ਗਈ ਹੈ। ਉਹਨਾ ਕਿਹਾ ਕਿ ਸੁਰੂਆਤੀ ਜਾਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਗ੍ਰਿਫਤਾਰ ਦੋਸ਼ੀਆ ਵੱਲੋ ਲੁਧਿਆਣਾ ਵਿਖੇ ਇੱਕ ਵਿਅਕਤੀ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਸੀ, ਜਿਸ ਸਬੰਧੀ ਇਹਨਾ ਵੱਲੋ ਪਹਿਲਾ ਵੀ ਕੁਝ ਦਿਨ ਪਹਿਲਾ ਇੱਕ ਨਾਕਾਮ ਕੋਸਿਸ਼ ਵੀ ਕੀਤੀ ਗਈ ਸੀ। ਇਸਦੇ ਨਾਲ ਹੀ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਨੇ ਕਿਹਾ ਕਿ ਫਰੀਦਕੋਟ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਬੈਕਵਰਡ ਅਤੇ ਫਾਰਵਰਡ ਲਿੰਕਾ ਨੂੰ ਜੋੜਨ ਲਈ ਹੋਰ ਜਾਂਚ ਜਾਰੀ ਹੈ, ਜਦੋਂ ਕਿ ਅਗਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ। ਇਸ ਸਬੰਧ ਵਿੱਚ ਥਾਣਾ ਸਿਟੀ ਫਰੀਦਕੋਟ ਵਿਖੇ ਮੁਕੱਦਮਾ ਨੰਬਰ 484 ਮਿਤੀ 24.11.2025 ਅਧੀਨ ਧਾਰਾ 25(6)(7)/54/59 ਅਸਲਾ ਐਕਟ ਦਰਜ ਰਜਿਸਟਰ ਕੀਤਾ ਗਿਆ ਹੈ।
ਪਾਕਿਸਤਾਨ ਤੋ ਆਏ ਨਜਾਇਜ ਅਸਲੇ ਦੀ ਖੇਪ ਨਾਲ ਇੱਕ ਦੋਸ਼ੀ ਨੂੰ ਕੀਤਾ ਗਿਆ ਕਾਬੂ :- ਇੱਥੇ ਇਹ ਵੀ ਦੱਸਣਯੋਗ ਹੈ ਕਿ ਫਰੀਦਕੋਟ ਪੁਲਿਸ ਵੱਲੋ ਮਿਤੀ 18 ਨਵੰਬਰ ਨੂੰ ਇੱਕ ਹੋਰ ਟਾਰਗੇਟ ਕਿਲਿੰਗ ਮਡਿਊਲ ਦਾ ਵੀ ਪਰਦਾਫਾਸ ਕੀਤਾ ਗਿਆ ਸੀ। ਜਿਸ ਦੌਰਾਨ ਸੂਚਨਾ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ ਥੋਮਸ ਰੋਹਿਤ ਨਾਮ ਦੇ ਵਿਅਕਤੀ ਨੂੰ 2 ਪਿਸਟਲ 9 ਐਮ.ਐਮ. ਸਮੇਤ ਮੈਗਜੀਨ ਗ੍ਰਿਫਤਾਰ ਕੀਤਾ ਗਿਆ। ਜਿਸ ਦੌਰਾਨ ਸੁਰੂਆਤੀ ਜਾਚ ਦੌਰਾਨ ਇਹ ਸਾਹਮਣੇ ਆਇਆ ਸੀ ਕਿ ਇਹ ਵਿਅਕਤੀ ਪਾਕਿਸਤਾਨ ਤੋ ਆਏ ਨਜਾਇਜ ਅਸਲੇ ਦੀ ਖੇਪ ਸਮੇਤ ਏਰੀਆਂ ਵਿੱਚ ਸਰਗਰਮ ਸੀ ਅਤੇ ਇਹ ਅਸਲਾ ਫਰੀਦਕੋਟ ਜਿਲ੍ਹੇ ਅੰਦਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਜਾਣਾ ਹੈ। ਜਿਸ ਸਬੰਧੀ ਥਾਣਾ ਸਦਰ ਫਰੀਦਕੋਟ ਵਿਖੇ ਮੁਕੱਦਮਾ ਨੰਬਰ 264 ਮਿਤੀ 18.11.2025 ਅਧੀਨ ਧਾਰਾ 25/54/59 ਅਸਲਾ ਐਕਟ ਦਰਜ ਰਜਿਸਟਰ ਕੀਤਾ ਗਿਆ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਫਰੀਦਕੋਟ ਪੁਲਿਸ ਨੇ ਪਿਛਲੇ ਕੁਝ ਹੀ ਦਿਨਾ ਦੌਰਾਨ ਸੰਗਠਿਤ ਅਪਰਾਧ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾ ਨੂੰ ਅੰਜਾਮ ਦੇਣ ਵਾਲੇ 8 ਸਰਗਰਮ ਗਿਰੋਹਾਂ ਨੂੰ ਕਾਬੂ ਕਰਨ ਵਿੱਚ ਮਹੱਤਵਪੂਰਨ ਸਫਲਤਾ ਹਾਸਿਲ ਕੀਤੀ ਗਈ ਹੈ। ਇਹਨਾ ਗਿਰੋਹਾ ਵਿੱਚ ਸ਼ਾਮਿਲ 25 ਵਿਅਕਤੀਆ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ ਤੇਜਧਾਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਫਰੀਦਕੋਟ ਪੁਲਿਸ ਵੱਲੋਂ ਇਹ ਸਾਰੀਆਂ ਕਾਰਵਾਈਆਂ ਇਹ ਗੱਲ ਸਪੱਸ਼ਟ ਕਰਦੀਆਂ ਹਨ ਕਿ ਜਿਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਪਰਾਧਕ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੋਸ਼ੀਆਂ ਦੀ ਤੁਰਤ ਗ੍ਰਿਫਤਾਰੀ ਅਤੇ ਬਰਾਮਦਗੀ ਜਨਤਾ ਵਿੱਚ ਸੁਰੱਖਿਆ ਦੀ ਭਾਵਨਾ ਹੋਰ ਮਜ਼ਬੂਤ ਕਰਦੀ ਹੈ। ਪੁਲਿਸ ਟੀਮਾਂ ਵੱਲੋਂ ਰਾਤ–ਦਿਨ ਲਾਗੂ ਕੀਤੀ ਗਈ ਸਖਤ ਨਿਗਰਾਨੀ ਅਤੇ ਸਮੇਂ-ਸਿਰ ਕਾਰਵਾਈ ਜਿਲ੍ਹੇ ਨੂੰ ਅਪਰਾਧ–ਰਹਿਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਐਸ.ਐਸ.ਪੀ. ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਜਨਤਾ ਦਾ ਸਹਿਯੋਗ ਕਿਸੇ ਵੀ ਅਪਰਾਧ ਨੂੰ ਰੋਕਣ ਵਿੱਚ ਬਹੁਤ ਮਹੱਤਵਪੂਰਨ ਹੁੰਦਾ ਹੈ। ਉਹਨਾਂ ਅਪੀਲ ਕੀਤੀ ਕਿ ਲੋਕ ਸ਼ੱਕੀ ਹਲਚਲ ਬਾਰੇ ਤੁਰਤ ਪੁਲਿਸ ਨੂੰ ਸੂਚਿਤ ਕਰਨ, ਜਿਲ੍ਹੇ ਦੇ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਪ੍ਰਾਥਮਿਕਤਾ ਹੈ ਅਤੇ ਇਸ ਉਦੇਸ਼ ਲਈ ਫਰੀਦਕੋਟ ਪੁਲਿਸ ਲਗਾਤਾਰ ਮਾੜੇ ਅਨਸਰਾਂ ਖ਼ਿਲਾਫ ਸਖਤ ਕਦਮ ਚੁੱਕਦੀ ਰਹੇਗੀ।

