ਕੋਟਕਪੂਰਾ, 26 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕਮਿਊਨਿਸਟ ਇਨਕਲਾਬੀਆਂ, ਮਾਓਵਾਦੀ ਆਗੂਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਨਾਂਅ ਹੇਠ ਮਾਰਨ ਦੀ ਨਿਖੇਧੀ ਕਰਦਿਆਂ ਕਿਰਤੀ ਕਿਸਾਨ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ, ਨੌਜਵਾਨ ਭਾਰਤ ਸਭਾ ਆਦਿ ਵੱਲੋਂ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਵਿੱਚ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਹਿਰਾਸਤ ’ਚ ਰੱਖੇ ਮਾਓਵਾਦੀਆਂ, ਆਦਿਵਾਸੀਆਂ ਨੂੰ ਅਦਾਲਤ ’ਚ ਪੇਸ਼ ਕਰਨ ਦੀ ਮੰਗ ਕਰਦਿਆਂ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਹਰਵੀਰ ਕੌਰ, ਗੁਰਦਿਆਲ ਭੱਟੀ, ਨੌਨਿਹਾਲ ਸਿੰਘ, ਸਰਬਜੀਤ ਕੌਰ ਅਤੇ ਕੁਲਦੀਪ ਸ਼ਰਮਾ ਆਦਿ ਨੇ ਕਿਹਾ ਕਿ ਭਾਜਪਾ-ਸੰਘ ਸਰਕਾਰ ਦੀ ਨਕਸਲੀਆਂ ਨੂੰ ਮਾਰ ਕੇ ਮੁਕਾਉਣ ਦੀ ਨੀਤੀ ਕਾਨੂੰਨ ਦੇ ਰਾਜ ਅਤੇ ਦੁਨੀਆਂ ਦੀ ਵੱਡੀ ਜਮਹੂਰੀਅਤ ਹੋਣ ਦੇ ਦਾਅਵੇ ਦੇ ਝੂਠ ਨੂੰ ਬੇਪਰਦ ਕਰਦੀ ਹੈ। ਵਰਦੀਧਾਰੀ ਦਹਿਸ਼ਤ ਕਿੰਨੀ ਖਤਰਨਾਕ ਹੋ ਸਕਦੀ ਹੈ ਅਤੇ ਇਸ ਦੇ ਸਿੱਟੇ ਕਿੰਨੇ ਭਿਆਨਕ ਹਨ। ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਮਾਓਵਾਦੀਆਂ ਅਤੇ ਆਦਿਵਾਸੀਆਂ ਉੱਪਰ ਢਾਹਿਆ ਜਾ ਰਿਹਾ ਜ਼ੁਲਮ ਇਸ ਦਾ ਪ੍ਰਤੱਖ ਪ੍ਰਮਾਣ ਹੈ। ਭਾਜਪਾ-ਸੰਘ ਦੀ ਸਰਕਾਰ ’ਚ ਪੱਤਰਕਾਰਾਂ, ਲੇਖਕਾਂ, ਸਿਆਸੀ ਕਾਰਕੁੰਨਾਂ ਅਤੇ ਜਮਹੂਰੀ ਹੱਕਾਂ ਦੀ ਗੱਲ ਕਰਨ ਵਾਲੇ ਸਿਆਸੀ ਕਾਰਕੁੰਨਾਂ ਦੀ ਜ਼ੁਬਾਨਬੰਦੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਸਾਲਾਂਬੱਧੀ ਬਿਨਾਂ ਮੁਕੱਦਮਾ ਚਲਾਇਆ ਜੇਲਾਂ ’ਚ ਬੰਦ ਕੀਤਾ ਹੋਇਆ ਹੈ। ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਰਹੀ, ਮੁਕੱਦਮਾ ਚਲਾਉਣ ਦੀ ਧੀਮੀ ਗਤੀ ਨਾਕਸ ਕਾਨੂੰਨ ਪ੍ਰਬੰਧ ਦੀ ਪੋਲ ਖੋਲ੍ਹਦੀ ਹੈ। ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦਾ ਜਲ ਜੰਗਲ ਜ਼ਮੀਨ ਦੇਸ਼ੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਲੁਟਾਉਣ ਲੱਗੀ ਹੋਈ ਹੈ। ਜਦੋਂ ਕੋਈ ਵੀ ਜਥੇਬੰਦੀ ਜਾਂ ਲੋਕ ਇਸ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੇ ਹਨ ਤਾਂ ਉਨ੍ਹਾਂ ਨੂੰ ਨਕਸਲੀ ਜਾਂ ਮਾਓਵਾਦੀ ਕਹਿ ਕੇ ਝੂਠੇ ਪੁਲਸ ਮੁਕਾਬਲੇ ਬਣਾ ਦਿੱਤੇ ਜਾਂਦੇ ਹਨ, ਜੋ ਕਿ ਦੇਸ਼ ਦੀ ਜਮਹੂਰੀਅਤ ਦਾ ਵੱਡਾ ਘਾਣ ਹੈ। ਸਾਡੇ ਦੇਸ਼ ਦੀ ਸਮੂਹ ਲੋਕਾਈ ਅਤੇ ਇਨਸਾਫ ਪਸੰਦ ਲੋਕਾਂ ਨੂੰ ਇਸ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ, ਨੌਜਵਾਨ ਭਾਰਤ ਸਭਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੁਖਬੀਰ ਸਿੰਘ ਜਸਨੀਤ ਸਿੰਘ, ਨਿਸ਼ਾਨ ਸਿੰਘ, ਦੁਨੀ ਸਿੰਘ, ਮੰਗਲ ਸਿੰਘ, ਜਸਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ।

