ਗਿਰੋਹ ਵਿੱਚ ਸ਼ਾਮਲ 3 ਮੁਲਜਮਾਂ ਨੂੰ ਤੇਜਧਾਰ ਹਥਿਆਰਾਂ ਸਮੇਤ ਕੀਤਾ ਕਾਬੂ
ਕੋਟਕਪੂਰਾ, 26 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਐਸ.ਐਸ.ਪੀ. ਦੀ ਅਗਵਾਈ ਹੇਠ ਪੁਲਿਸ ਵੱਲੋਂ ਮਾੜੇ ਅਨਸਰਾ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਤੇਜਧਾਰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ। ਮੁਲਜਮਾ ਦੀ ਪਛਾਣ ਸਾਹਿਲ ਉਰਫ ਕਾਲੂ (ਵਾਸੀ ਸੰਜੇ ਨਗਰ), ਮਾਈਕਲ ਮਸੀਹ ਉਰਫ ਹੈਰੀ (ਵਾਸੀ ਗੁਰੂ ਅਰਜਨ ਦੇਵ ਨਗਰ ਫਰੀਦਕੋਟ) ਅਤੇ ਸੂਰਜ ਉਰਫ ਹੈਰੀ (ਵਾਸੀ ਜੋਤ ਰਾਮ ਕਲੋਨੀ, ਫਰੀਦਕੋਟ) ਵਜੋ ਹੋਈ ਹੈ। ਪੁਲਿਸ ਪਾਰਟੀ ਵੱਲੋਂ ਮੁਲਜਮਾਂ ਪਾਸੋ 01 ਕ੍ਰਿਪਾਨ, 01 ਕਿਰਚ ਅਤੇ 01 ਨਲਕੇ ਦੀ ਹੱਥੀ ਬਰਾਮਦ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਥਾਣੇਦਾਰ ਸੁਖਰਦਸ਼ਨ ਕੁਮਾਰ ਮੁੱਖ ਅਫਸਰ ਥਾਣਾ ਸਿਟੀ-2 ਫਰੀਦਕੋਟ ਦੀ ਨਿਗਰਾਨੀ ਹੇਠ ਏਐਸਆਈ ਸੁਖਮੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੂੰ ਇੱਕ ਸੂਚਨਾ ਮਿਲੀ ਕਿ ਉਕਤ ਸਾਰੇ ਮੁਲਜਮ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਲੋਕਾਂ ਨੂੰ ਡਰਾ ਧਮਕਾ ਕੇ ਲੁੱਟਾਂ ਖੋਹਾਂ ਕਰਦੇ ਹਨ ਅਤੇ ਜੋ ਅੱਜ ਵੀ ਇਲਾਕੇ ਵਿੱਚ ਘੁੰਮ ਰਹੇ ਹਨ। ਉਹਨਾ ਦੱਸਿਆ ਕਿ ਉਕਤਾਨ ਮੁਲਜਮਾ ਦੇ ਅਪਰਾਧਕ ਰਿਕਾਰਡ ਦੀ ਜਾਂਚ ਦੌਰਾਨ ਗਿਰੋਹ ਵਿੱਚ ਸ਼ਾਮਲ ਦੋ ਮੁਲਜਮਾ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਦੋ ਵੱਖ ਵੱਖ ਮਾਮਲੇ ਦਰਜ ਹਨ। ਉਹਨਾ ਦੱਸਿਆ ਕਿ ਉਕਤਾਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ।
