ਸੰਵਿਧਾਨ ਦੇ ਕਾਰਨ ਹੀ ਅਸੀਂ ਸਾਰੇ ਆਪਣੇ ਅਧਿਕਾਰਾਂ ਦਾ ਆਨੰਦ ਮਾਣ ਰਹੇ ਹਾਂ : ਮੋਰਪਾਲ ਸ਼ਾਕਿਆ
ਕੋਟਕਪੂਰਾ, 27 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਖਿਲ ਭਾਰਤੀ ਸ਼ਾਕਿਆ ਮਹਾਸਭਾ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਸੰਵਿਧਾਨ ਦਿਵਸ ’ਤੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮਹਾਂਸਭਾ ਦੇ ਮੈਂਬਰਾਂ ਨੇ ਹਿੱਸਾ ਲਿਆ। ਸ਼ੁਰੂ ਵਿੱਚ ਮਹਾਸਭਾ ਦੇ ਮੈਂਬਰਾਂ ਨੇ ਡਾ. ਬੀ.ਆਰ. ਅੰਬੇਡਕਰ ਦੀ ਤਸਵੀਰ ’ਤੇ ਫੁੱਲ ਚੜ੍ਹਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਮੀਟਿੰਗ ਬਾਰੇ ਬੋਲਦੇ ਹੋਏ ਮਹਾਸਭਾ ਦੇ ਪ੍ਰਧਾਨ ਮੋਰਪਾਲ ਸ਼ਾਕਿਆ ਨੇ ਕਿਹਾ ਕਿ ਸੰਵਿਧਾਨ ਦੇ ਕਾਰਨ ਹੀ ਅਸੀਂ ਸਾਰੇ ਆਪਣੇ ਅਧਿਕਾਰਾਂ ਦਾ ਆਨੰਦ ਮਾਣਦੇ ਹਾਂ, ਜਿਸ ਵਿੱਚ ਸਿੱਖਿਆ ਦਾ ਅਧਿਕਾਰ ਵੀ ਸ਼ਾਮਲ ਹੈ ਅਤੇ ਸਿੱਖਿਆ ਸਾਡੇ ਸਮਾਜ ਨੂੰ ਤਰੱਕੀ ਵੱਲ ਲੈ ਜਾ ਰਹੀ ਹੈ। ਉਹਨਾ ਕਿਹਾ ਕਿ ਸੰਵਿਧਾਨ ਦਿਵਸ ਜਾਂ ਰਾਸ਼ਟਰੀ ਕਾਨੂੰਨ ਦਿਵਸ ਭਾਰਤ ਵਿੱਚ ਹਰ ਸਾਲ 26 ਨਵੰਬਰ ਨੂੰ ਭਾਰਤ ਦੇ ਸੰਵਿਧਾਨ ਨੂੰ ਅਪਣਾਉਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ, 26 ਨਵੰਬਰ 1949 ਨੂੰ ਭਾਰਤ ਦੀ ਸੰਵਿਧਾਨ ਸਭਾ ਨੇ ਭਾਰਤ ਦੇ ਸੰਵਿਧਾਨ ਨੂੰ ਅਪਣਾਇਆ ਅਤੇ ਇਸ ਨੂੰ 26 ਜਨਵਰੀ 1950 ਨੂੰ ਲਾਗੂ ਕੀਤਾ। ਪ੍ਰਧਾਨ ਮੋਰਪਾਲ ਸ਼ਾਕਿਆ ਨੇ ਕਿਹਾ ਕਿ ਜੇਕਰ ਅਸੀਂ ਜਾਗਰੂਕ ਹੋਵਾਂਗੇ ਤਾਂ ਇੱਕ-ਦੂਜੇ ਨਾਲ ਭੇਦਭਾਵ ਨਹੀਂ, ਬਲਕਿ ਸਤਿਕਾਰ ਕਰਾਂਗੇ, ਕਾਨੂੰਨ ਦੀ ਪਾਲਣਾ ਕਰਾਂਗੇ ਅਤੇ ਸਮਾਜ ਵਿੱਚ ਸਕਾਰਾਤਮਕ ਸਹਿਯੋਗ ਕਰਾਂਗੇ, ਤਾਂ ਸਹੀ ਮਾਇਨੇ ਵਿੱਚ ਸੰਵਿਧਾਨ ਦੀ ਆਤਮਾ ਦਾ ਸਤਿਕਾਰ ਹੋਵੇਗਾ। ਇਸ ਮੌਕੇ ਹੋਰਨਾ ਤੋਂ ਇਲਾਵਾ ਪ੍ਰਧਾਨ ਮੋਰਪਾਲ ਸ਼ਾਕਿਆ, ਬਲਰਾਮ ਸ਼ਾਕਿਆ, ਅੰਜੂ ਸ਼ਾਕਿਆ, ਅਨਿਲ ਸ਼ਾਕਿਆ, ਰਾਕੇਸ਼ ਮੌਰਿਆ, ਅਜਬ ਸਿੰਘ ਸ਼ਾਕਿਆ, ਰਮੇਸ਼ ਸ਼ਾਕਿਆ ਸਮੇਤ ਹੋਰ ਵੀ ਸ਼ਾਕਿਆ ਸਮਾਜ ਦੇ ਆਗੂ ਮੌਜੂਦ ਸਨ।
