ਲਾਲਾ ਲਾਜਪਤ ਰਾਏ ਨਗਰ ਦੀ ਚਾਰਦੀਵਾਰੀ ਦਾ ਰੱਖਿਆ ਨੀਂਹ ਪੱਥਰ

ਕੋਟਕਪੂਰਾ, 27 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਨਗਰ ਸੁਧਾਰ ਟਰੱਸਟ ਖੇਤਰ ਵਿੱਚ ਵਿਕਾਸ ਅਤੇ ਸੁਧਾਰ ਲਈ ਕਈ ਮਹੱਤਵਪੂਰਨ ਪ੍ਰੋਜੈਕਟਾਂ ਉਪਰ ਕੰਮ ਕਰ ਰਿਹਾ ਹੈ। ਟਰੱਸਟ ਵੱਲੋਂ ਲੋਕਾਂ ਦੀ ਜ਼ਿੰਦਗੀ ਦੇ ਸਾਰੇ ਪੱਖਾਂ ਨੂੰ ਬਿਹਤਰ ਬਣਾਉਣ ਲਈ ਜਨਤਕ ਸੁਵਿਧਾਵਾਂ, ਰਿਹਾਇਸ਼ੀ ਅਤੇ ਵਪਾਰਕ ਢਾਂਚੇ ਵਿੱਚ ਸੁਧਾਰ ਲਈ ਕਦਮ ਉਠਾਏ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚੇਅਰਮੈਨ ਨਗਰ ਸੁਧਾਰ ਟਰੱਸਟ ਗਗਨਦੀਪ ਸਿੰਘ ਧਾਲੀਵਾਲ ਨੇ ਨਗਰ ਸੁਧਾਰ ਟਰੱਸਟ ਵੱਲੋਂ ਲਾਲਾ ਲਾਜਪਤ ਰਾਏ ਨਗਰ ਕੋਟਕਪੂਰਾ ਰੋਡ ਵਿਖੇ ਚਾਰਦੀਵਾਰੀ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਇਸ ਮੌਕੇ ਟਰੱਸਟ ਦੇ ਮੈਂਬਰ ਵੀ ਹਾਜ਼ਰ ਸਨ। ਇਸ ਮੌਕੇ ਗਗਨਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਅੱਜ ਲਾਲਾ ਲਾਜਪਤ ਰਾਏ ਨਗਰ ਕੋਟਕਪੂਰਾ ਰੋਡ ਵਿਖੇ ਨਗਰ ਸੁਧਾਰ ਟਰੱਸਟ ਵੱਲੋਂ ਇੱਕ ਚਾਰ-ਦੀਵਾਰੀ ਬਣਾਈ ਜਾ ਰਹੀ ਹੈ, ਜਿਸ ਦਾ ਰਕਬਾ 6.31 ਏਕੜ ਹੈ, ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਉੱਤੇ ਲਗਭਗ 75 ਲੱਖ ਰੁਪਏ ਖਰਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਕੀਮ ਦੀ ਪੂਰੀ ਹੋਣ ’ਤੇ ਇਥੇ ਰਿਹਾਇਸ਼ੀ ਅਤੇ ਕਮਰਸ਼ੀਅਲ ਪ੍ਰੋਪਰਟੀ ਵੀ ਵੇਚੀ ਜਾਵੇਗੀ। ਇਸ ਮੌਕੇ ਉਨ੍ਹਾਂ ਨਗਰ ਸੁਧਾਰ ਟਰੱਸਟ ਵੱਲੋਂ ਕੀਤੇ ਜਾ ਰਹੇ ਹੋਰ ਵਿਕਾਸ ਕਾਰਜਾਂ ਅਤੇ ਟਰੱਸਟ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਟਰੱਸਟ ਵੱਲੋਂ ਬਾਬਾ ਫਰੀਦ ਮਾਰਕੀਟ ਵਿੱਚ 15.25 ਲੱਖ ਰੁਪਏ ਖਰਚ ਕਰਕੇ ਟੁਆਲਿਟ ਬਲਾਕ ਬਣਾਇਆ ਜਾ ਰਿਹਾ ਹੈ, ਜੋ ਆਮ ਲੋਕਾਂ ਲਈ ਇੱਕ ਜ਼ਰੂਰੀ ਸੁਵਿਧਾ ਹੈ। ਉਨ੍ਹਾਂ ਦੱਸਿਆ ਕਿ ਟਰੱਸਟ ਦੁਆਰਾ ਹੋ ਰਹੇ ਹੋਰ ਪ੍ਰੋਜੈਕਟਾਂ ਵਿੱਚ ਬਾਬਾ ਜੀਵਨ ਸਿੰਘ ਨਗਰ, ਫਿਰੋਜ਼ਪੁਰ ਪੱਖੀ ਰੋਡ ਉੱਤੇ ਸੀਵਰੇਜ ਪਾਈਪਾਂ, ਪਾਰਕਾਂ, ਗਰੀਨ ਬੈਲਟਾਂ ਅਤੇ ਐਚ.ਟੀ. ਅਤੇ ਐਲ.ਟੀ. ਲਾਈਨਾਂ ਦੀ ਠੀਕ ਢੰਗ ਨਾਲ ਸਥਾਪਨਾ ਕਰਨ ਦਾ ਕੰਮ ਹੋ ਰਿਹਾ ਹੈ। ਇਸ ਪ੍ਰੋਜੈਕਟ ’ਤੇ ਕੁੱਲ 3.70 ਕਰੋੜ ਰੁਪਏ ਖਰਚੇ ਜਾ ਰਹੇ ਹਨ ਅਤੇ ਇਸ ਵਿੱਚ ਪੀਣ ਵਾਲੇ ਪਾਣੀ ਦੀ ਸਹੂਲਤ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਗਿਆਨੀ ਜੈਲ ਸਿੰਘ ਐਵੀਨਿਊ, ਸਾਦਿਕ ਰੋਡ ਉੱਪਰ ਸੜਕ ਉਪਰ ਪ੍ਰੀਮਿਕਸ ਪਾਉਣ ਦਾ ਕੰਮ ਜਲਦ ਹੀ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਲਾਗਤ 48.14 ਲੱਖ ਰੁਪਏ ਆਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਸਹਿਬਜਾਦਾ ਫਤਿਹ ਸਿੰਘ ਨਗਰ, ਚਹਿਲ ਰੋਡ ਉੱਤੇ ਵਿਕਾਸ ਪ੍ਰੋਜੈਕਟ ਲਈ ਸਰਕਾਰ ਤੋਂ ਤਕਨੀਕੀ ਪ੍ਰਵਾਨਗੀ ਪ੍ਰਾਪਤ ਕੀਤੀ ਜਾ ਚੁੱਕੀ ਹੈ ਅਤੇ ਇਸ ਸਕੀਮ ਉੱਤੇ ਕੰਮ ਹੋਣ ਤੋਂ ਬਾਅਦ ਰਿਹਾਇਸ਼ੀ ਅਤੇ ਵਪਾਰਕ ਪ੍ਰਾਪਰਟੀ ਵੇਚੀ ਜਾਏਗੀ। ਉਨ੍ਹਾਂ ਕਿਹਾ ਕਿ ਫਰੀਦਕੋਟ ਨਗਰ ਸੁਧਾਰ ਟਰੱਸਟ ਹੁਣ ਤੱਕ 5.08 ਕਰੋੜ ਦੀ ਰਕਮ ਨਾਲ ਇਹ ਸਾਰੇ ਵਿਕਾਸ ਕੰਮ ਕਰਵਾ ਰਿਹਾ ਹੈ। ਇਸ ਮੌਕੇ ਟਰੱਸਟ ਮੈਬਰ ਬਲਦੇਵ ਸਿੰਘ, ਜਸਪਾਲ ਸਿੰਘ, ਡਾ. ਮਨਿੰਦਰਪਾਲ ਸਿੰਘ, ਪ੍ਰੋ. ਗੁਰਸੇਵਕ ਸਿੰਘ, ਜੁਆਂਇੰਟ ਸੈਕਟਰੀ ਨਿੱਤੂ ਕਪੂਰ, ਐਡਵੋਕੇਟ ਹਲਕਾ ਕੋਆਰਡੀਨੇਟਰ ਫਰੀਦਕੋਟ ਸਰਬਜੀਤ ਕੌਰ ਬਰਾੜ, ਬਲਾਕ ਕੋਆਰਡੀਨੇਟਰ ਸੁਸ਼ਮਾ ਬਾਜਵਾ, ਮਹਿੰਦਰ ਕੌਰ, ਪਰਮਜੀਤ ਕੌਰ, ਮਨਜੀਤ ਕੌਰ, ਜਸਪਾਲ ਸਿੰਘ, ਪ੍ਰੀਤਮ ਸਿੰਘ ਭਾਣਾ, ਗੁਰਪ੍ਰੀਤ ਸਿੰਘ ਸੱਗੂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਰਕਰ ਵੀ ਹਾਜ਼ਰ ਸਨ।

