
ਸੰਗਰੂਰ 27 ਨਵੰਬਰ (ਜਗਜੀਤ ਭੂਟਾਲ/ਵਰਲਡ ਪੰਜਾਬੀ ਟਾਈਮਜ਼)
ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਇਕਾਈ ਸੰਗਰੂਰ ਵੱਲੋਂ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਤੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸਰਕਾਰੀ ਜਬਰ, ਰਾਜਸੱਤਾ ਵੱਲੋਂ ਸ਼ਰੇਆਮ ਲੋਕਤੰਤਰ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ, ਵਿਕਾਸ ਦੇ ਨਾਂ ਤੇ ਆਦਿਵਾਸੀਆਂ,ਦਲਿਤਾਂ ਦਾ ਉਜਾੜਾ ਅਤੇ ਕਤਲੇਆਮ, ਅਵਾਮ ਦੀ ਹਰ ਤਰਾਂ ਦੀ ਆਜ਼ਾਦੀ ਨੂੰ ਬੇੜੀਆਂ ਵਿੱਚ ਜਕੜਨ ਖਿਲਾਫ ਕਾਮਰੇਡ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਕਨਵੈਨਸ਼ਨ ਦਾ ਆਯੋਜਨ ਕੀਤਾ ਗਿਆ।ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨਟ ਨੂੰ ਭੰਗ ਕਰਨ ਅਤੇ ਹਰ ਸਰਕਾਰੀ ਅਦਾਰੇ ਅਤੇ ਜਨਤਕ ਖੇਤਰ ਨੂੰ ਖਤਮ ਕਰਨ, ਰਾਜਾਂ ਦੇ ਅਧਿਕਾਰਾਂ ਨੂੰ ਸੀਮਿਤ ਕਰਨ ਅਤੇ ਸਿਖਿਆ ਦਾ ਕੇਂਦਰੀਕਰਨ ਕਰਨ ਦੀ ਸਖ਼ਤ ਨਿੰਦਿਆਂ ਕਰਦਿਆਂ ਸਭਾ ਦੇ ਆਗੂਆਂ ਨੇ ਕਿਹਾ ਮੋਦੀ ਹਕੂਮਤ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਲੋਕ ਵਿਰੋਧੀ ਹੋ ਕੇ ਨੰਗੇ ਚਿੱਟੇ ਰੂਪ ਵਿੱਚ ਕਾਰਪੋਰੇਟ ਸੈਕਟਰ ਅਤੇ ਸਾਮਰਾਜਵਾਦ ਦੀ ਕਠਪੁਤਲੀ ਬਣ ਕੇ ਆਪਣੇ ਹੱਕਾਂ ਲਈ ਸੰਘਰਸ਼ਸ਼ੀਲ ਲੋਕਾਂ ਤੇ ਜ਼ਬਰ ਅਤੇ ਅੰਨਾਂ ਤਸ਼ੱਸਦ ਕਰਨ ਦੇ ਰਾਹ ਪਈ ਹੋਈ ਹੈ। ਪ੍ਰਧਾਨਗੀ ਮੰਡਲ ਵਿੱਚ ਜਿਲ੍ਹਾ ਪ੍ਰਧਾਨ ਜਗਜੀਤ ਭੁਟਾਲ, ਜਸਵੀਰ ਕੌਰ ਹੇੜੀਕੇ, ਮਨਜੀਤ ਲਹਿਰਾ, ਹਰਚਰਨ ਚਾਹਿਲ, ਦਰਸ਼ਨ ਕੂਨਰਾਂ, ਬਲਜੀਤ ਨਮੋਲ, ਮਹਿੰਦਰ ਸਿੰਘ ਭੱਠਲ, ਸੁਖਜਿੰਦਰ ਸਿੰਘ ,ਮਹਿੰਦਰ ਸਿੰਘ ਅਤੇ ਸੁਖਦੇਵ ਸਿੰਘ ਘਰਾਚੋਂ ਸ਼ਾਮਿਲ ਹੋਏ। ਮੰਚ ਸਚਾਲਨ ਜਿਲ੍ਹਾ ਸਕੱਤਰ ਕੁਲਦੀਪ ਸਿੰਘ ਵੱਲੋਂ ਬਾਖੂਬੀ ਕੀਤਾ ਗਿਆ। ਸੂਬਾ ਆਗੂ ਸਵਰਨਜੀਤ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਲੱਦਾਖ ਖੇਤਰ ਦੇ ਆਗੂ ਸੋਨਮ ਵਾਂਗਚੂਕ ਤੇ ਕੀਤੇ ਜਾ ਰਹੇ ਜਬਰ ਅਤੇ ਐਨ ਐੱਸ ਏ ਤਹਿਤ ਝੂਠਾ ਮੁਕੱਦਮਾ ਦਰਜ਼ ਕਰਨ ਦੇ ਪਿੱਛੇ ਰਾਜਸੱਤਾ ਤੇ ਕਾਬਜ਼ ਭਾਜਪਾ ਦਾ ਫਿਰਕੂ ਏਜੰਡਾ ਦੱਸਿਆ। ਜਿਸ ਤਹਿਤ ਦੇਸ਼ ਦੀਆਂ ਘੱਟ ਗਿਣਤੀਆਂ, ਦਲਿਤਾਂ, ਆਦਿ ਵਾਸੀਆਂ,ਜਮਹੂਰੀ ਲੋਕਾਂ,ਤਰਕਸ਼ੀਲਾਂ, ਬੁੱਧੀਜੀਵੀਆਂ, ਖੱਬੇ ਪੱਖੀ ਸੋਚ ਰੱਖਣ ਵਾਲੇ ਲੇਖਕਾਂ ਅਤੇ ਸਰਕਾਰ ਤੋਂ ਵੱਖਰਾ ਵਿਚਾਰ ਦੇਣ ਵਾਲੇ ਲੋਕਾਂ ਨੂੰ ਜੇਲ੍ਹਾਂ ਵਿੱਚ ਤਾੜ ਕੇ,ਅਵਾਮ ਨੂੰ ਧਰਮ ਅਤੇ ਖਿਤਿਆਂ ਵਿੱਚ ਵੰਡ ਕੇ ਦੇਸ਼ ਦਾ ਧਰੁਵੀਕਰਨ ਕਰਨਾ ਹੈ। ਜਿਲ੍ਹਾ ਪ੍ਰਧਾਨ ਜਗਜੀਤ ਭੁਟਾਲ ਨੇ ਸਾਰਿਆਂ ਨੂੰ ਜੀ ਆਇਆ ਕਹਿੰਦਿਆਂ ਲੋਕਾਂ ਦੀ ਧਾਰਮਿਕ ਆਜ਼ਾਦੀ ਤੇ ਹਕੂਮਤੀ ਹਮਲਿਆ, ਫਿਰਕਾਪ੍ਰਸਤ ਏਜੰਡੇ ਪਿੱਛੇ ਇਥੋਂ ਦੇ ਕਾਰਪੋਰੇਟ ਘਰਾਣਿਆਂ ਅਤੇ ਸਾਮਰਾਜਵਾਦੀ ਤਾਕਤਾਂ ਦੇ ਮੁਨਾਫ਼ੇ ਲਈ ਰਾਹ ਪੱਧਰਾ ਕਰਨਾ ਦੱਸਿਆ। ਆਗੂਆਂ ਨੇ ਗੁਰੂ ਤੇਗ ਬਹਾਦੁਰ ਜੀ ਦੀ ਧਾਰਮਿਕ ਆਜ਼ਾਦੀ,ਮਨੁੱਖਤਾ ਅਤੇ ਜਮਹੂਰੀਅਤ ਲਈ ਦਿੱਤੀ ਕੁਰਬਾਨੀ ਨੂੰ ਮੌਜੂਦਾ ਦੌਰ ਵਿੱਚ ਓਨੀ ਹੀ ਮਹੱਤਵਪੂਰਨ ਗਰਦਾਨਿਆ ਜਿਨੀ ਔਰੰਗਜ਼ੇਬ ਦੀ ਹਕੂਮਤ ਵੇਲਿਆ ਵਿੱਚ ਸੀ। ਅੱਜ ਵੀ ਲੋਕਾਂ ਨੂੰ ਧਾਰਮਿਕ ਆਜ਼ਾਦੀ ਤੋਂ ਸੱਖਣਾ ਕਰਕੇ ਇੱਕ ਹਿੰਦੂਤਵੀ ਧਰਮੀ ਰਾਜ ਲਈ ਸਮਾਜ ਨੂੰ ਲਹੂ ਲੁਹਾਣ ਕੀਤਾ ਜਾ ਰਿਹਾ ਹੈ ਜਿਸ ਦਾ ਹਿੰਦੂ ਭਾਈਚਾਰੇ ਨਾਲ ਕੋਈ ਵਾਸਤਾ ਨਹੀਂ। ਤੇ ਵਿਸ਼ੇਸ ਤੌਰ ਤੇ ਆਪਣੇ ਹੀ ਮੁਲਕ ਵਿੱਚ ਜੰਗਲ, ਜਲ ਅਤੇ ਧਰਤੀ ਬਚਾਉਣ ਲਈ ਸੰਘਰਸ਼ ਕਰ ਰਹੇ ਖੱਬੇ ਪੱਖੀਆਂ ਨੂੰ ਅੱਤਵਾਦੀ ਗਰਦਾਨ ਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਜਾ ਰਿਹਾ ਹੈ।ਜਿਲ੍ਹਾ ਕਮੇਟੀ ਦੇ ਮੀਤ ਪ੍ਰਧਾਨ ਅਤੇ ਸੀਨੀਅਰ ਪੱਤਰਕਾਰ ਕਾਮਰੇਡ ਬਸੇਸਰ ਰਾਮ ਨੇ ਸਾਰੇ ਸ਼ਾਮਿਲ ਕਾਰਕੁਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਰਤਾਰੇ ਨੂੰ ਭਾਰਤ ਦੀ ਅਵਾਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।ਅੰਤ ਤੇ ਵਿੱਤ ਸੱਕਤਰ ਮਨਧੀਰ ਰਾਜੋਮਾਜਰਾ ਵੱਲੋਂ ਸ਼੍ਰੀ ਗੁਰੂ ਤੇਗਬਹਾਦਰ ਜੀ ਲਾਸਾਨੀ ਸ਼ਹਾਦਤ ਨੂੰ ਸਿਜਦਾ , ਸਜਾ ਪੂਰੀ ਕਰ ਚੁੱਕੇ ਸਿਖ ਤੇ ਤਮਾਮ ਕੈਦੀਆਂ ਦੀ ਰਿਹਾਈ, ਬਿੰਨਾਂ ਮੁਕਦਮਾ ਚਲਾਏ ਬੁਧੀਜੀਵੀਆਂ ਨੂੰ ਜੇਲ੍ਹਾਂ ਵਿਚ ਡੱਕਣ,ਪੰਜਾਬ ਯੂਨੀਵਰਸਿਟੀ ਦਾ ਸੈਨੇਟ ਨੂੰ ਬਹਾਲ ਕਰਨ,ਵਿਦਿਆਰਥੀਆਂ ਦੀ ਹੱਕੀ ਮੰਗ ਨਾਂ ਮਨਣ, ਜਮੀਨ ਪ੍ਰਾਪਤੀ ਸ਼ੰਘਰਸ਼ ਕਮੇਟੀ ਦੇ ਆਗੂਆਂ ਦੀ ਰਿਹਾਈ , ਨਵੇਂ ਕਿਰਤ ਕਾਨੂੰਨ ਰੱਦ ਕਰਵਾਉਣ, ਨਵੀਂ ਸਿਖਿਆ ਨੀਤੀ ਤੇ ਸਿਖਿਆ ਦਾ ਕੀਤਾ ਭਗਵਾਂਕਰਨ ਦੇ ਵਿਰੋਧ ,ਬਿਜਲੀ ਸੋਧ ਬਿਲ 2019 ਨੂੰ ਰੱਦ ਕਰਨ, ਘੱਟ ਗਿਣਤੀ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ, ਅਤੇ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਹੱਕ ਮੰਗਦੇ ਲੋਕਾਂ ਤੇ ਕੀਤਾ ਜਾ ਰਿਹਾ ਜਬਰ ਬੰਦ ਕਰਨ ਸੰਬਧੀ ਮਤੇ ਪੜ੍ਹੇ ਗਏ ਜਿੰਨਾ ਨੂੰ ਕਨਵੈਨਸ਼ਨ ਚ ਸ਼ਾਮਿਲ ਨੂੰ ਲੋਕਾਂ ਨੇ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ ਗਈ।ਕਨਵੈਨਸ਼ਨ ਤੋਂ ਬਾਅਦ ਹਕੂਮਤ ਦੇ ਇਸ ਪੂਰੇ ਗੈਰ ਲੋਕਤੰਤਰੀ ਵਰਤਾਰੇ, ਪੁਲਿਸ ਜਬਰ,ਕਿਸਾਨ ਮਜਦੂਰ ਅਤੇ ਛੋਟੀ ਦੁਕਾਨਦਾਰੀ, ਮੁਲਾਜਮ, ਸਿੱਖਿਆ ਵਿਰੋਧੀ ਨੀਤੀਆਂ, ਖਿਲਾਫ ਬਰਨਾਲਾ ਚੌਂਕ ਤੱਕ ਰੋਸ ਮੁਜਾਹਰਾ ਕੀਤਾ ਗਿਆ।ਜਗਦੀਸ਼ ਪਪੜਾ ਨੇ ਸਰਧਾਂਜਲੀ ਗੀਤ ਰਾਹੀਂ ਲੋਕ ਨਾਇਕਾਂ ਨੂੰ ਸਿਜਦਾ ਕੀਤਾ ਜਦੋਂ ਕਿ ਨਰਿੰਦਰ ਸਿੰਗਲਾ ਬਰਨਾਲਾ ਨੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।ਇਸ ਮੌਕੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਬਲਜੀਤ ਨਮੋਲ , ਕਿਰਤੀ ਕਿਸਾਨ ਯੂਨੀਅਨ ਦੇ ਭਜਨ ਸਿੰਘ ਢੱਡਰੀਆਂ,. ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ ਐੱਮ ਐੱਫ ਸਬੰਧਤ) ਦੇ ਸੁੱਖਵਿੰਦਰ ਗਿਰ. ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਦਾਤਾ ਸਿੰਘ ਨਮੋਲ , ਭਾਰਤੀ ਕਿਸਾਨ ਯੂਨੀਅਨ ਦੇ ਮੱਖਣ ਸਿੰਘ ਦੁੱਗਾਂ,ਕੇ ਕੇ ਯੂ ਦੇ ਹਰਭਜਨ ਢੱਢਰੀਆਂ,ਸ਼ਿੰਦਰ ਸਿੰਘ ਬਡਰੁੱਖਾਂ, ਖੇਤ ਮਜਦੂਰ ਯੂਨੀਅਨ ਦੇ ਨਿਰਜੰਨ ਸਿੰਘ ਚਨਾਰਮਾਜਰਾ,, ਸੀਪੀਆਈ ਨਵਜੀਤ ਸਿੰਘ, ਹਰਚਰਨ ਸਿੰਘ ਚਹਿਲ ਸੂਬਾ ਆਗੂ, ਪੀਆਰਟੀਸੀ ਵਰਕਰ ਯੂਨੀਅਨ ਦੇ ਨਿਰਭੈ ਸਿੰਘ ਮੌੜਾਂ,ਬੇ ਕੇ ਯੂ ਮਲਵਈ ਦੇ ਹਰਜਿੰਦਰ ਸਿੰਘ,ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਦੇ ਬਿੱਕਰ ਹੱਥੋਂਆ,ਗੁਲਜਾਰਾ ਸਿੰਘ ਭੱਠਲ ਕਮੇਟੀ ਦੇ ਮਹਿੰਦਰ ਭੱਠਲਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੁਖਦੀਪ ਹਥਨ ਨੇ ਆਪਣੇ ਵਿਚਾਰ ਰੱਖੇ। ਕਨਵੈਨਸ਼ਨ ਵਿਚ ਗੁਰਬਖਸ਼ੀਸ਼ ਸਿੰਘ ਬਰਾੜ, ਗੁਰਚਰਨ ਸਿੰਘ ਅਕੋਈ ਸਾਹਿਬ ਬੱਬਨ ਪਾਲ ,ਨਰਦੇਵ ਸਿੰਘ, ਗੁਰਪ੍ਰੀਤ ਕੌਰ, ਇਕਬਾਲ ਕੌਰ ਅਮਰੀਕ ਸਿੰਘ ਖੋਖਰ ਤੇ ਹੋਰ ਨਾਮ ਸ਼ਖਸੀਅਤਾਂ ਹਾਜਰ ਸਨ।
