ਕੋਟਕਪੂਰਾ, 2 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀਨੌ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ। ਜਿਸ ਵਿੱਚ ਸਕੂਲ ਦੀ ਐਨ.ਐਸ.ਐਸ. ਯੂਨਿਟ ਦੇ ਵਲੰਟੀਅਰਾਂ ਨੇ ਭਾਗ ਲਿਆ। ਸਕੂਲ ਦੀ ਐਨ.ਐਸ.ਐਸ. ਯੂਨਿਟ ਦੇ ਪ੍ਰੋਗਰਾਮ ਅਫ਼ਸਰ ਸ਼ਮਿੰਦਰ ਕੌਰ ਅਤੇ ਸਕੂਲ ਅਧਿਆਪਕ ਗੁਰਸ਼ਿੰਦਰ ਸਿੰਘ ਵੱਲੋਂ ਇਸ ਏਡਜ਼ ਦਿਵਸ ਬਾਰੇ ਦੱਸਿਆ ਗਿਆ ਕਿ ਵਿਸ਼ਵ ਏਡਜ਼ ਦਿਵਸ ਹਰ ਸਾਲ 1 ਦਸੰਬਰ ਨੂੰ ਸੰਸਾਰ ਭਰ ਵਿੱਚ ਲੋਕਾਂ ਨੂੰ ਐੱਚ.ਆਈ.ਵੀ. ਏਡਜ਼ (ਐਕਵਾਇਰਡ ਇਮਯੂਨੋਡਫੀਸ਼ੈਂਸੀ ਸਿੰਡਰੋਮ) ਪ੍ਰਤੀ ਜਾਗਰੂਕਤਾ ਵਧਾਉਣ ਅਤੇ ਇਸ ਦੇ ਵਿਤਕਰੇ ਨੂੰ ਖ਼ਤਮ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਵਿਸ਼ਵ ਏਡਜ਼ ਦਿਵਸ ਵਿਸ਼ਵ ਸਿਹਤ ਸੰਗਠਨ ਦੁਆਰਾ ਮਨਾਏ ਗਏ ਗਿਆਰਾਂ ਅਧਿਕਾਰਤ ਵਿਸ਼ਵਵਿਆਪੀ ਜਨਤਕ ਸਿਹਤ ਮੁਹਿੰਮਾਂ ਵਿੱਚੋਂ ਇੱਕ ਹੈ। ਉਹਨਾਂ ਵਿਸ਼ਵ ਏਡਜ਼ ਦਿਵਸ ਦੇ ਇਤਿਹਾਸ ਬਾਰੇ ਦੱਸਦਿਆਂ ਕਿਹਾ ਕਿ ਵਿਸ਼ਵ ਏਡਜ਼ ਦਿਵਸ ਦੀ ਕਲਪਨਾ ਪਹਿਲੀ ਵਾਰ ਅਗਸਤ 1987 ਵਿੱਚ ਜੇਨੇਵਾ, ਸਵਿਟਜ਼ਰਲੈਂਡ ਵਿੱਚ ਵਿਸ਼ਵ ਸਿਹਤ ਸੰਗਠਨ ਵਿਖੇ ਏਡਜ਼ ’ਤੇ ਗਲੋਬਲ ਪ੍ਰੋਗਰਾਮ ਲਈ ਦੋ ਜਨਤਕ ਸੂਚਨਾ ਅਧਿਕਾਰੀ ਜੇਮਜ਼ ਡਬਲਯੂ. ਬੰਨ ਅਤੇ ਥਾਮਸ ਨੇਟਰ ਦੁਆਰਾ ਕੀਤੀ ਗਈ ਸੀ। ਬੰਨ ਅਤੇ ਨੇਟਰ ਨੇ ਆਪਣਾ ਵਿਚਾਰ ਡਾ. ਜੋਨਾਥਨ ਮਾਨ, ਏਡਜ਼ ’ਤੇ ਗਲੋਬਲ ਪ੍ਰੋਗਰਾਮ ਵਜੋਂ ਜਾਣਿਆ ਜਾਂਦਾ ਹੈ) ਦੇ ਡਾਇਰੈਕਟਰ ਕੋਲ ਲਿਜਾਣ ਵਿੱਚੋਂ ਬਾਅਦ ਉਸਨੇ ਇਸ ਨੂੰ ਸਹਿਮਤੀ ਅਤੇ ਮਨਜ਼ੂਰੀ ਦਿੱਤੀ ਜਿਸ ਕਰਕੇ ਵਿਸ਼ਵ ਏਡਜ਼ ਦਿਵਸ ਦਾ ਪਹਿਲਾ ਦਿਵਸ 1 ਦਸੰਬਰ 1988 ਨੂੰ ਮਨਾਇਆ ਗਿਆ ਅਤੇ ਹੁਣ ਤੱਕ ਮਨਾਇਆ ਜਾਂਦਾ ਹੈ। ਇਸ ਸਮੇਂ ਐਨ.ਐਸ.ਐਸ. ਵਲੰਟੀਅਰਾਂ ਵੱਲੋਂ ਏਡਜ਼ ਦਿਵਸ ਦੇ ਸਬੰਧ ਵਿੱਚ ਪੋਸਟਰ, ਚਾਰਟ ਵੀ ਬਣਾਏ ਗਏ। ਇਸ ਪ੍ਰੋਗਰਾਮ ਵਿੱਚ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ ਡਾਇਰੈਕਟਰ ਪ੍ਰਿੰਸੀਪਲ ਮੈਡਮ ਸ੍ਰੀਮਤੀ ਸੁਰਿੰਦਰ ਕੌਰ, ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੋਮਾ ਦੇਵੀ ਅਤੇ ਸਕੂਲ ਦੇ ਸੀਨੀਅਰ ਲੈਕ. ਸ਼੍ਰੀਮਤੀ ਸਤਵਿੰਦਰ ਕੌਰ ਹਾਜਿਰ ਸਨ।

