ਕੋਟਕਪੂਰਾ, 2 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਹਰਦੀਪ ਸਿੰਘ ਮਿਨਹਾਸ ਵੱਲੋਂ ਆਪਣੇ ਮਾਤਾ-ਪਿਤਾ ਦੀ ਨਿੱਘੀ ਯਾਦ ਨੂੰ ਸਮਰਪਿਤ ਕਿਲ੍ਹਾ ਸਕੂਲ, ਪੁਰਾਣਾ ਸ਼ਹਿਰ, ਨੇੜੇ ਬੱਸ ਅੱਡਾ, ਕੋਟਕਪੂਰਾ ਵਿਥੇ 13ਵਾਂ ਅੱਖਾ ਦਾ ਮੁਫਤ ਲੈਂਜ ਕੈਂਪ ਲਾਇਆ। ਜਿਸ ਦਾ ਸ਼ੁੱਭ ਆਰੰਭ ਸੰਤ ਰਿਸ਼ੀ ਜੀ ਜਲਾਲ ਵਾਲਿਆਂ (ਜੈਤੋ) ਨੇ ਕੀਤਾ। ਇਸ ਮੌਕੇ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਪੀਕਰ ਸੰਧਵਾਂ ਨੇ ਕੈਂਪ ਵਿੱਚ ਸ਼ਿਰਕਤ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਮੁਫਤ ਕੈਂਪ ਜੋ ਲਾਏ ਜਾਂਦੇ ਹਨ, ਲੋੜਵੰਦਾਂ ਲਈ ਬਹੁਤ ਲਾਹੇਵੰਦ ਹੁੰਦੇ ਹਨ। ਅੱਖਾਂ ਜੋ ਪ੍ਰਮਾਤਮਾ ਦੀ ਮਨੁੱਖ ਨੂੰ ਦਿੱਤੀ ਹੋਈ ਇਕ ਬਹੁਤ ਵੱਡਮੁੱਲੀ ਦੇਣ ਹੈ, ਇਨ੍ਹਾਂ ਤੋਂ ਬਿਨਾਂ ਮਨੁੱਖ ਹਨੇਰੇ ਵਿੱਚ ਹੀ ਰਹਿੰਦਾ ਹੈ, ਇਸ ਕਰਕੇ ਅੱਖਾਂ ਦੀ ਸੰਭਾਲ ਬਹੁਤ ਜਰੂਰੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੁਫਤ ਕੈਂਪ ਜਰੂਰ ਲਾਉਣੇ ਚਾਹੀਦੇ ਹਨ, ਤਾਂ ਜੋ ਕਿਸੇ ਲੋੜਵੰਦ ਮਰੀਜ ਦੀ ਮੱਦਦ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਪਹੁੰਚੇ ਮਰੀਜਾਂ ਦੀਆਂ ਅੱਖਾਂ ਦਾ ਮੁਫਤ ਚੈਕਅਪ ਕੀਤਾ ਗਿਆ ਅਤੇ ਲੋੜਵੰਦ ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਅਤੇ ਮੁਫਤ ਲੈਂਜ ਪਾਏ ਗਏ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਿਮਰਨਜੀਤ ਸਿੰਘ ਐਮ.ਸੀ., ਮਨਜੀਤ ਸ਼ਰਮਾ ਜਿਲਾ ਸਕੱਤਰ ਸ਼ੋਸ਼ਲ ਮੀਡੀਆ ‘ਆਪ’, ਡਾ. ਦੀਪਕ ਅਰੋੜਾ (ਐਮ.ਐਸ) ਆਈ, ਡਾ. ਭੁਪਿੰਦਰਪਾਲ ਕੌਰ (ਐਮ.ਐਸ) ਆਈ ਅਤੇ ਮੋਨਿਕਾ ਬਲਿਆਨ (ਐਮ.ਐਸ) ਆਈ ਅਤੇ ਵੱਡੀ ਗਿਣਤੀ ਵਿਚ ਲੋੜਵੰਦ ਹਾਜਰ ਸਨ।

