
ਕੋਟਕਪੂਰਾ, 2 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿਲਵਰ ਓਕਸ ਸਕੂਲ ਸੇਵੇਵਾਲਾ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਪ੍ਰਿਅੰਕਾ ਮਹਿਤਾ ਨੂੰ ਰਾਸ਼ਟਰੀ ਪੱਧਰ ’ਤੇ ਆਯੋਜਿਤ ਫੈਪ ਰਾਸ਼ਟਰੀ ਪੁਰਸਕਾਰ ਸਮਾਰੋਹ ਵਿੱਚ ਪ੍ਰਾਈਡ ਆਫ ਸਕੂਲ ਫੈਪ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੀ ਸ਼ਾਨਦਾਰ ਅਗਵਾਈ, ਸਮਰਪਣ ਅਤੇ ਨਵੀਨਤਾਕਾਰੀ ਕਾਰਜ ਲਈ ਦਿੱਤਾ ਗਿਆ। ਇਸ ਸਮਾਰੋਹ ਵਿੱਚ ਦੇਸ਼ ਭਰ ਦੇ ਸਿੱਖਿਆ ਪ੍ਰਬੰਧਕਾਂ, ਪ੍ਰਿੰਸੀਪਲ ਅਤੇ ਸੰਸਥਾਵਾਂ ਨੇ ਹਿੱਸਾ ਲਿਆ। ਸਿਲਵਰ ਓਕਸ ਸਕੂਲ ਦੀ ਪ੍ਰਿੰਸੀਪਲ ਨੂੰ ਉਨ੍ਹਾਂ ਦੀ ਦੂਰਦਰਸ਼ੀ ਸੋਚ, ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਪ੍ਰਤੀ ਉਨ੍ਹਾਂ ਦੇ ਯਤਨਾਂ ਅਤੇ ਸਕੂਲ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਵਿੱਚ ਉਨ੍ਹਾਂ ਦੇ ਨਿਰੰਤਰ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਸਨਮਾਨ ਪ੍ਰਾਪਤ ਕਰਨ ’ਤੇ, ਪ੍ਰਿੰਸੀਪਲ ਨੇ ਕਿਹਾ ਕਿ ਇਹ ਅਵਾਰਡ ਪ੍ਰਾਪਤ ਕਰਨ ਵਿੱਚ ਪੂਰੇ ਸਕੂਲ ਪਰਿਵਾਰ-ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਦੀ ਸਖ਼ਤ ਮਿਹਨਤ ਦਾ ਯੋਗਦਾਨ ਹੈ। ਉਨ੍ਹਾਂ ਆਉਣ ਵਾਲੇ ਸਮੇਂ ਵਿੱਚ ਅਧਿਆਪਕਾਂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਦੇ ਵਿਸ਼ਵਾਸ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟ ਕੀਤੀ। ਉਹਨਾਂ ਕਿਹਾ ਕਿ ਸਕੂਲ ਗੁਣਵੱਤਾ ਵਾਲੀ ਸਿੱਖਿਆ ਅਤੇ ਕਦਰਾਂ-ਕੀਮਤਾਂ ਸਥਾਪਤ ਕਰਨ ਲਈ ਵਚਨਬੱਧ ਰਹੇਗਾ। ਸਿਲਵਰ ਓਕਸ ਸਕੂਲ ਦੀ ਪ੍ਰਬੰਧਕ ਕਮੇਟੀ ਨੇ ਸ਼੍ਰੀਮਤੀ ਪ੍ਰਿਅੰਕਾ ਮਹਿਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਪੁਰਸਕਾਰ ਸਕੂਲ ਦੀ ਰਾਸ਼ਟਰੀ ਸਥਿਤੀ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉੱਤਮਤਾ ਲਈ ਯਤਨ ਕਰਨ ਲਈ ਪ੍ਰੇਰਿਤ ਕਰੇਗਾ।

