ਵਿਦਿਆਰਥੀਆਂ ਨੇ ਕਵਿਤਾਵਾਂ ਅਤੇ ਗੀਤਾਂ ਰਾਹੀਂ ਖੂਬ ਰੰਗ ਬੰਨਿ੍ਹਆਂ
ਕੋਟਕਪੂਰਾ, 2 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਰਕਾਰੀ ਮਿਡਲ ਸਕੂਲ ਮੌੜ ਚੜ੍ਹਤ ਸਿੰਘ ਵਿਖੇ ਮੁੱਖ ਅਧਿਆਪਕ ਸ੍ਰੀ ਨਿਰਮਲ ਸਿੰਘ ਦੀ ਅਗਵਾਈ ਹੇਠ ਸ਼ਾਇਰੀ ਸਮਾਰੋਹ-2025 ਕਰਵਾਇਆ ਗਿਆ। ਇਸ ਸਮਾਰੋਹ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਗੀਤਾਂ ਅਤੇ ਕਵਿਤਾਵਾਂ ਰਾਹੀਂ ਖ਼ੂਬਸੂਰਤ ਰੰਗ ਬਿਖੇਰੇ। ਮੁੱਖ ਅਧਿਆਪਕ ਨਿਰਮਲ ਸਿੰਘ ਨੇ ਮੁੱਖ ਮਹਿਮਾਨ ਅਤੇ ਆਏ ਹੋਏ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਅੰਦਰ ਨੈਤਿਕ ਕਦਰਾਂ-ਕੀਮਤਾਂ ਪ੍ਰਫ਼ੁੱਲਤ ਕਰਨ ਲਈ ਵਚਨਬੱਧਤਾ ਦੁਹਰਾਈ। ਪੰਜਾਬੀ ਅਧਿਆਪਕ ਬਲਕਰਨ ਸਿੰਘ ਨੇ ਆਏ ਹੋਏ ਮਹਿਮਾਨਾ ਬਾਰੇ ਜਾਣ-ਪਹਿਚਾਣ ਕਰਵਾਉਂਦਿਆਂ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਕੁਲਵਿੰਦਰ ਵਿਰਕ ਨਾਲ ਆਪਣੀ ਪੁਰਾਣੀ ਸਾਂਝ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੇ ਸਾਹਿਤਕ ਸਫ਼ਰ ਅਤੇ ਪੰਜਾਬੀ ਅਦਬ ਵਿੱਚ ਉਹਨਾਂ ਦੇ ਮੁਕਾਮ ਬਾਰੇ ਚਾਨਣਾ ਪਾਇਆ। ਉਪਰੰਤ ਸ਼ਾਇਰ ਕੁਲਵਿੰਦਰ ਵਿਰਕ ਵਿਦਿਆਰਥੀਆਂ ਦੇ ਰੂਬਰੂ ਹੋਏ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਸਾਹਿਤਕ ਸਫ਼ਰ ਦੀ ਸ਼ੁਰੂਆਤ ਅਤੇ ਇਸ ਦੌਰਾਨ ਆਏ ਉਤਾਅ-ਚੜ੍ਹਾਅ, ਮਕਬੂਲ ਹੋਈਆਂ ਨਜ਼ਮਾਂ, ਗੀਤਾਂ, ਕਹਾਣੀਆਂ ਅਤੇ ਨਿਬੰਧਾਂ ਦੀ ਸਿਰਜਣਾ ਬਾਰੇ ਸੰਵਾਦ ਰਚਾਇਆ। ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਸਹੀ ਮਾਰਗ ’ਤੇ ਚੱਲਣ, ਕਿਤਾਬਾਂ ਨਾਲ ਜੁੜਨ ਅਤੇ ਆਪਣੇ ਮਕਸਦ ਨੂੰ ਸਾਹਮਣੇ ਰੱਖ ਕੇ ਪੜ੍ਹਨ ਲਈ ਪ੍ਰੇਰਤ ਕੀਤਾ। ਇਸ ਮੌਕੇ ਉਹਨਾਂ ਨੇ ਵਿਦਿਆਰਥੀਆਂ ਦੁਆਰਾ ਵੱਖ-ਵੱਖ ਵਿਸ਼ਿਆਂ ਸਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਬਹੁਤ ਹੀ ਰੌਚਕ ਢੰਗ ਨਾਲ ਦਿੱਤੇ। ਅੰਗਰੇਜ਼ੀ ਲੈਕਚਰਾਰ ਕਮਲਜੀਤ ਸਿੰਘ ਕੈਂਥ ਵੀ ਇਸ ਮੌਕੇ ’ਤੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਉਹਨਾਂ ਨੇ ਵੀ ਸ਼ਾਇਰ ਕੁਲਵਿੰਦਰ ਵਿਰਕ ਨਾਲ ਆਪਣੀ ਪੁਰਾਣੀ ਸਾਂਝ ਦਾ ਜ਼ਿਕਰ ਕਰਦਿਆਂ ਆਪਣੀਆਂ ਰਚਨਾਵਾਂ ਨਾਲ ਸਾਂਝ ਪਵਾਈ। ਅੰਤ ਵਿੱਚ ਸਕੂਲ ਦੇ ਸਮੁੱਚੇ ਸਟਾਫ਼ ਵੱਲੋਂ ਕੁਲਵਿੰਦਰ ਵਿਰਕ ਅਤੇ ਉਹਨਾਂ ਦੀ ਹਮਸਫ਼ਰ ਹਰਪ੍ਰੀਤ ਵਿਰਕ ਨੂੰ ਸਨਮਾਨ ਚਿੰਨ੍ਹ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਵਿਰਕ ਦੀ ਧਰਮ ਪਤਨੀ ਹਰਪ੍ਰੀਤ ਵਿਰਕ, ਅਧਿਆਪਕ ਗੁਰਪਿਆਰ ਸਿੰਘ, ਮਿਸ ਨਿਧੀ ਅਤੇ ਅਨੀਤਾ ਰਾਣੀ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

