ਕੋਟਕਪੂਰਾ, 2 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ’ ਭਗਤਾ ਭਾਈਕਾ, ਇੱਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ, ਜੋ ਵਿਦਿਆਰਥੀਆਂ ਦੇ ਖੇਤਰ ਦੇ ਨਾਲ-ਨਾਲ ਸਮਾਜਿਕ ਖੇਤਰ ਵਿੱਚ ਵੀ ਸਰਗਰਮ ਰਹਿੰਦੀ ਹੈ। ਇਹ ਸੰਸਥਾ ਆਪਣੇ ਸਿਧਾਂਤਾ ’ਤੇ ਖਰੀ ਉਤਰਦੀ ਹੋਈ ਸਮਾਜਿਕ ਸਰਗਰਮੀਆਂ ਦਾ ਵੀ ਹਿੱਸਾ ਬਣਦੀ ਹੈ। ਸਾਰੇ ਇਸ ਗੱਲ ਤੋਂ ਭਲੀ-ਭਾਂਤ ਜਾਣੂ ਹਨ ਕਿ ਪੰਜਾਬ ਵਿੱਚ ਆਏ ਹੜ੍ਹਾਂ ਨੇ ਤਰਥੱਲੀ ਮਚਾ ਦਿੱਤੀ ਸੀ, ਜਿਸ ਵਿੱਚ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਸੀ। ਇਸ ਨੁਕਸਾਨ ਦੀ ਭਰਪਾਈ ਕਰਨ ਲਈ ਵੱਖ-ਵੱਖ ਸੰਸਥਾਵਾਂ ਅੱਗੇ ਆਈਆ ਹਨ। ਇਸੇ ਉੱਦਮ ਦੇ ਅਧੀਨ ਆਕਸਫੋਰਡ ਸੰਸਥਾ ਦੇ ਹਰ ਮੈਂਬਰ ਵੱਲੋਂ ਵੀ ਹੜ੍ਹ ਪੀੜਤਾਂ ਲਈ ਆਪਣੀ-ਆਪਣੀ ਕਮਾਈ ਦਾ ਦਸਵੰਧ ਕੱਢ ਕੇ 1,71,000 ਰੁਪਏ ਇਕੱਤਰ ਕੀਤੇ ਗਏ। ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਉਕਤ ਇਕੱਤਰ ਰਕਮ ਨੂੰ ਚੈੱਕ ਦੇ ਰੂਪ ਵਿੱਚ ਬਠਿੰਡਾ ਦੇ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਜੀ ਦੇ ਸਪੁਰਦ ਕੀਤਾ। ਸ਼੍ਰੀ ਬਾਂਸਲ ਜੀ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਸੀਂ ਇੱਕ ਅਜਿਹੇ ਦੇਸ਼ ਦੇ ਵਾਸੀ ਹਾਂ ਜਿਨ੍ਹਾਂ ਦਾ ਦੁੱਖ-ਸੁੱਖ ਵੀ ਇੱਕ ਹੁੰਦਾ ਹੈ, ਸਾਂਝਾ ਹੁੰਦਾ ਹੈ ਅਤੇ ਇਨਸਾਨੀਅਤ ਦੇ ਨਾਤੇ ਸਾਡਾ ਇਹ ਫਰਜ਼ ਵੀ ਬਣਦਾ ਹੈ ਕਿ ਅਸੀਂ ਇਸ ਔਖੀ ਘੜੀ ਵਿੱਚ ਆਪਣੇ ਭੈਣ-ਭਰਾਵਾਂ ਲਈ ਡੁੱਬਦੇ ਨੂੰ ਤਿਣ ਕੇ ਦਾ ਸਹਾਰਾ ਬਣੀਏ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਸਰਪੰਚ (ਵਿੱਤ-ਸਕੱਤਰ) ਵੀ ਮੌਜੂਦ ਸਨ।

