ਲੁਧਿਆਣਾ 6 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਪੀ.ਏ.ਯੂ. ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਚ ਆਸਟਰੇਲੀਆ ਇੰਡੀਆ ਸਾਈਬਰ ਸਕਿਉਰਟੀ ਅਤੇ ਆਰਟੀਫੀਸ਼ਲ ਇੰਟੈਲੀਜੈਂਸ ਇਨੋਵੇਸ਼ਨ ਦੇ ਸਹਿਯੋਗ ਨਾਲ ਖੇਤੀ ਕਾਰੋਬਾਰ ਚੁਣੌਤੀਆਂ ਅਤੇ ਡਿਜ਼ੀਟਲ ਬਦਲਾਅ ਬਾਰੇ ਇਕ ਅੰਤਰਰਾਸ਼ਟਰੀ ਗੋਸ਼ਟੀ ਆਯੋਜਿਤ ਕੀਤੀ ਗਈ| ਇਸਦੇ ਡਿਜ਼ੀਟਲ ਭਾਗੀਦਾਰ ਆਪਣੀ ਖੇਤੀ ਅਤੇ ਏ ਏ ਡੀ ਵੀ ਆਈ ਸਨ| ਇਸ ਗੋਸ਼ਟੀ ਦੇ ਬਹਾਨੇ ਖੇਤੀ ਖੇਤਰ ਦੇ ਆਗੂਆਂ, ਵਿਦਵਾਨਾਂ, ਕਾਰੋਬਾਰੀਆਂ ਅਤੇ ਵਿਦਿਆਰਥੀਆਂ ਨੂੰ ਵਿਚਾਰ-ਵਟਾਂਦਰੇ ਲਈ ਸਾਂਝਾ ਮੰਚ ਪ੍ਰਦਾਨ ਕੀਤਾ ਗਿਆ ਤਾਂ ਜੋ ਖੇਤੀ ਕਾਰੋਬਾਰ ਖੇਤਰ ਦੀਆਂ ਚੁਣੌਤੀਆਂ ਦੇ ਨਾਲ-ਨਾਲ ਏ ਆਈ ਤੋਂ ਪੈਦਾ ਹੋਏ ਬਦਲਾਅ, ਸਾਈਬਰ ਸੁਰੱਖਿਆ ਅਤੇ ਡਿਜ਼ੀਟਲ ਦੁਨੀਆਂ ਦਾ ਇਸ ਖੇਤਰ ਉੱਪਰ ਪ੍ਰਭਾਵ ਅੰਕਿਤ ਕੀਤਾ ਜਾ ਸਕੇ|
ਇਸ ਗੋਸ਼ਟੀ ਦੇ ਮੁੱਖ ਬੁਲਾਰੇ ਯੂ ਐੱਨ ਈ ਬਿਜ਼ਨਸ ਸਕੂਲ ਦੇ ਸਹਿਯੋਗੀ ਨਿਰਦੇਸ਼ਕ ਡਾ. ਕਮਲਜੀਤ ਸਿੰਘ ਸੰਧੂ ਸਨ| ਆਰੰਭਕ ਸੈਸ਼ਨ ਦੌਰਾਨ ਉਹਨਾਂ ਨੇ ਖੇਤੀ ਕਾਰੋਬਾਰ ਦੀਆਂ ਚੁਣੌਤੀਆਂ ਬਾਰੇ ਕੁੰਜੀਵਤ ਭਾਸ਼ਣ ਦਿੰਦਿਆਂ ਇਸ ਖੇਤਰ ਦੇ ਮੌਕਿਆਂ ਅਤੇ ਸੰਭਾਵਨਾਵਾਂ ਨੂੰ ਭਾਰਤ ਦੇ ਖੇਤੀ ਪ੍ਰਸੰਗ ਅਤੇ ਕਾਰੋਬਾਰ ਮਾਹੌਲ ਵਿਚ ਪੇਸ਼ ਕੀਤਾ|
ਡਾ. ਸੰਧੂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਸਾਈਬਰ ਖੇਤਰ ਦੇ ਖਤਰਿਆਂ ਅਤੇ ਭਾਰਤ ਵਿਚ ਡਿਜ਼ੀਟਲ ਮੂਲ਼ ਢਾਂਚੇ ਦੇ ਪਸਾਰ ਬਾਰੇ ਧਾਰਨਾਵਾਂ ਪੇਸ਼ ਕੀਤੀਆਂ| ਉਹਨਾਂ ਕਿਹਾ ਕਿ ਭਾਰਤ ਅਤੇ ਆਸਟਰੇਲੀਆ ਦੇ ਖੋਜੀ ਇਸ ਦਿਸ਼ਾ ਵਿਚ ਸਾਂਝੇ ਰੂਪ ਵਿਚ ਕਾਰਜ ਕਰਕੇ ਇਸਨੂੰ ਭਰਪੂਰ ਅਤੇ ਸੰਪੰਨ ਬਣਾ ਸਕਣਗੇ|
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਪੀ.ਏ.ਯੂ. ਵੱਲੋਂ ਵੱਖ-ਵੱਖ ਖੇਤੀ ਖੋਜਾਂ ਅਤੇ ਪਸਾਰ ਗਤੀਵਿਧੀਆਂ ਦੇ ਨਾਲ-ਨਾਲ ਮੌਜੂਦਾ ਸਮੇਂ ਖੇਤੀ ਕਾਰੋਬਾਰ ਖੇਤਰ ਵਿਚ ਕੀਤੇ ਜਾ ਰਹੇ ਕਾਰਜਾਂ ਨੂੰ ਉਲੀਕਿਆ| ਉਹਨਾਂ ਨੇ ਹਰੀ ਕ੍ਰਾਂਤੀ ਲਈ ਯੂਨੀਵਰਸਿਟੀ ਦੀ ਭੂਮਿਕਾ ਉੱਪਰ ਚਾਨਣਾ ਪਾਉਂਦਿਆਂ ਆਸ ਪ੍ਰਗਟਾਈ ਕਿ ਖੇਤੀ ਕਾਰੋਬਾਰ ਲਈ ਯੂਨੀਵਰਸਿਟੀ ਲਗਾਤਾਰ ਵਚਨਬੱਧ ਹੈ| ਉਹਨਾਂ ਨੇ ਮੌਜੂਦਾ ਸਮੇਂ ਵਿਚ ਮਸਨੂਈ ਬੁੱਧੀ ਦੀ ਖੇਤੀ ਖੇਤਰ ਵਿਚ ਵਧਦੀ ਭੂਮਿਕਾ ਬਾਰੇ ਗੱਲ ਕਰਦਿਆਂ ਡਰੋਨ, ਰੋਬੋਟਿਕਸ, ਓਮਿਕਸ ਵਿਗਿਆਨ, ਜੀ ਆਈ ਐੱਸ ਅਤੇ ਆਈ ਓ ਟੀ ਪ੍ਰਬੰਧਾਂ ਦਾ ਹਵਾਲਾ ਦਿੱਤਾ| ਉਹਨਾਂ ਕਿਹਾ ਕਿ ਖੇਤੀ ਖੇਤਰ ਨੂੰ ਕੌਮਾਂਤਰੀ ਪੱਧਰ ਤੇ ਲਿਜਾਣ ਅਤੇ ਇਸ ਨਾਲ ਨਵੇਂ ਵਿਗਿਆਨੀਆਂ ਨੂੰ ਜੋੜਨ ਵਾਸਤੇ ਇਹ ਸਾਰੀਆਂ ਵਿਧੀਆਂ ਜ਼ਰੂਰੀ ਹਨ| ਨਾਲ ਹੀ ਉਹਨਾਂ ਨੇ ਯੂਨੀਵਰਸਿਟੀ ਵਿਚ ਸਕੂਲ ਆਫ ਡਿਜ਼ੀਟਲ ਇਨੋਵੇਸ਼ਨਜ਼ ਫਾਰ ਸਮਾਰਟ ਐਗਰੀਕਲਚਰ ਸਥਾਪਿਤ ਕੀਤੇ ਜਾਣ ਬਾਰੇ ਗੱਲ ਕੀਤੀ| ਡਾ. ਗੋਸਲ ਨੇ ਆਸ ਪ੍ਰਗਟਾਈ ਕਿ ਆਉਂਦੇ ਸਾਲਾਂ ਵਿਚ ਪੀ.ਏ.ਯੂ. ਇਸ ਖੇਤਰ ਵਿਚ ਵੀ ਖੇਤੀ ਜਗਤ ਦੀ ਅਗਵਾਈ ਕਰਨ ਵਿਚ ਸਮਰੱਥ ਹੋਵੇਗੀ|
ਬਿਜ਼ਨਸ ਸਟੱਡੀਜ਼ ਸਕੂਲ ਦੇ ਨਿਰਦੇਸ਼ਕ ਡਾ. ਰਮਨਦੀਪ ਸਿੰਘ ਨੇ ਸਕੂਲ ਦੀਆਂ ਗਤੀਵਿਧੀਆਂ ਸਾਂਝੀਆਂ ਕਰਨ ਦੇ ਨਾਲ-ਨਾਲ ਏ ਆਈ ਅਤੇ ਖੇਤੀ ਕਾਰੋਬਾਰ ਵਿਚਕਾਰ ਤਾਲਮੇਲ ਬਿਠਾਉਣ ਲਈ ਕੀਤੇ ਜਾ ਰਹੇ ਕਾਰਜਾਂ ਉੱਪਰ ਚਾਨਣਾ ਪਾਇਆ| ਉਹਨਾਂ ਨੇ ਤਕਨਾਲੋਜੀ ਬਿਜ਼ਨਸ ਇੰਨਕੁਬੇਟਰ (ਨਿਧੀ ਟੀ ਬੀ ਆਈ) ਬਾਰੇ ਵਿਸਥਾਰ ਨਾਲ ਗੱਲ ਕੀਤੀ| ਨਵੀਆਂ ਪੀੜੀਆਂ ਨੂੰ ਇਸ ਖੇਤਰ ਨਾਲ ਜੋੜਨ ਲਈ ਡਾ. ਰਮਨਦੀਪ ਸਿੰਘ ਨੇ ਉਹਨਾਂ ਦੇ ਯੁੱਗ ਦੀਆਂ ਤਕਨੀਕਾਂ ਜੋੜਨ ਉੱਪਰ ਜ਼ੋਰ ਦਿੱਤਾ|
ਇਸ ਮੌਕੇ ਵਿਸ਼ੇ ਨਾਲ ਸੰਬੰਧਿਤ ਵੱਖ-ਵੱਖ ਧਿਰਾਂ ਦਾ ਵਿਚਾਰ-ਵਟਾਂਦਰਾ ਸੈਸ਼ਨ ਆਯੋਜਿਤ ਕੀਤਾ ਗਿਆ ਜਿਸਦਾ ਸੰਚਾਲਨ ਡਾ. ਨਵਨੀਤ ਕੌਰ ਨੇ ਕੀਤਾ| ਭਾਗੀਦਾਰਾਂ ਨੇ ਇਸ ਵਿਚਾਰ-ਚਰਚਾ ਦੇ ਬੇਹੱਦ ਲਾਹੇਵੰਦ ਹੋਣ ਦੀ ਆਸ ਪ੍ਰਗਟਾਈ|

