ਫਰੀਦਕੋਟ, 6 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਮਾਜਸੇਵੀ ਅਰਸ਼ ਸੱਚਰ ਨੇ ਜਨ-ਹਿਤ ਵਿੱਚ ਜਾਰੀ ਕੀਤੇ ਮਹੱਤਵਪੂਰਨ ਸੁਨੇਹੇ ਵਿੱਚ ਕਿਹਾ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਇਲਾਕੇ ਦੀਆਂ ਸਭ ਤੋਂ ਅਹਿਮ ਲੋਕਤੰਤਰਿਕ ਸੰਸਥਾਵਾਂ ਹਨ, ਜੋ ਸਿੱਧੇ ਤੌਰ ’ਤੇ ਲੋਕਾਂ ਦੇ ਰੋਜ਼ਾਨਾ ਜੀਵਨ ਅਤੇ ਵਿਕਾਸ ਨਾਲ ਜੁੜੀਆਂ ਹਨ। ਉਹਨਾ ਦੱਸਿਆ ਕਿ ਇਹ ਸੰਸਥਾਵਾਂ ਸਿਰਫ਼ ਚੁਣੇ ਹੋਏ ਅਹੁਦੇ ਨਹੀਂ, ਸਗੋਂ ਜ਼ਿਲ੍ਹੇ ਦੀ ਤਕਦੀਰ ਲਿਖਣ ਵਾਲੇ ਕੇਂਦਰ ਹਨ। ਅਰਸ਼ ਸੱਚਰ ਨੇ ਆਖਿਆ ਕਿ ਇਨ੍ਹਾਂ ਦੀਆਂ ਮੁੱਖ ਜ਼ਿੰਮੇਵਾਰੀਆਂ ਪੂਰੇ ਜ਼ਿਲ੍ਹੇ ਦੀ ਵਿਕਾਸ ਯੋਜਨਾ ਤਿਆਰ ਕਰਨਾ ਅਤੇ ਉਸ ਦੀ ਨਿਗਰਾਨੀ, ਸਕੂਲ, ਹਸਪਤਾਲ, ਸੜਕਾਂ, ਪਾਣੀ, ਸਫ਼ਾਈ ਵਰਗੀਆਂ ਬੁਨਿਆਦੀ ਜਨ-ਸੁਵਿਧਾਵਾਂ ਦੀ ਦੇਖਭਾਲ, ਸਰਕਾਰੀ ਯੋਜਨਾਵਾਂ ਜਿਵੇਂ ਮਗਨਰੇਗਾ, ਸਵੱਛ ਭਾਰਤ ਅਭਿਆਨ, ਹਾਊਸ ਸਕੀਮ ਦੀ ਸਹੀ ਲਾਗੂਕਰਨ ਅਤੇ ਕਿਸੇ ਵੀ ਪ੍ਰਕਾਰ ਦੀ ਅਨਿਯਮਿਤਤਾ ਜਾਂ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਦੀ ਸਿਫ਼ਾਰਸ਼। ਅਰਸ਼ ਸੱਚਰ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਜਾਗਰੂਕ ਵੋਟਰ ਬਣੋ, ਆਪਣੇ ਉਮੀਦਵਾਰਾਂ ਤੋਂ ਜ਼ਰੂਰ ਪੁੱਛੋ ਕਿ ਤੁਹਾਡਾ ਭਵਿੱਖ ਲਈ ਵਿਜ਼ਨ ਕੀ ਹੈ? ਤੁਸੀਂ ਸਾਡੇ ਇਲਾਕੇ ਨੂੰ ਕੀ ਸੁਧਾਰ ਦੇ ਸਕਦੇ ਹੋ? ਕਿਹੜਾ ਵਿਕਾਸ ਮਾਡਲ ਲੈ ਕੇ ਆ ਰਹੇ ਹੋ?” ਉਨ੍ਹਾਂ ਕਿਹਾ ਕਿ ਤਾਕਤ ਹਮੇਸ਼ਾ ਵੋਟਰਾਂ ਦੇ ਹੱਥ ਵਿੱਚ ਹੁੰਦੀ ਹੈ। ਸਮਰਥਨ ਉਹਨਾਂ ਨੂੰ ਮਿਲਣਾ ਚਾਹੀਦਾ ਹੈ, ਜੋ ਪਾਰਦਰਸ਼ਤਾ, ਸੱਚਾਈ ਅਤੇ ਜਨ-ਹਿਤ ਵਿੱਚ ਕੰਮ ਕਰਨ ਦੀ ਯੋਗਤਾ ਰੱਖਦੇ ਹਨ। ਅਰਸ਼ ਸੱਚਰ ਨੇ ਸੁਨੇਹਾ ਦਿੰਦਿਆਂ ਆਖਿਆ ਕਿ ਤੁਹਾਡੀ ਵੋਟ, ਤੁਹਾਡਾ ਹੱਕ, ਤੁਹਾਡਾ ਫਰਜ਼ ਅਤੇ ਤੁਹਾਡੀ ਤਾਕਤ ਹੈ। ਜਾਗਰੂਕ ਵੋਟਰ ਹੀ ਸੱਚਾ ਵਿਕਾਸ ਯਕੀਨੀ ਬਣਾਉਂਦੇ ਹਨ।

