ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਹੁਸ਼ਿਆਰ ਬੱਚੇ ਸਨਮਾਨਤ
ਕੋਟਕਪੂਰਾ, 17 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਨੁਸ਼ਾਸ਼ਨ ਦੀ ਪਾਲਣਾ, ਸਮੇਂ ਦੀ ਕਦਰ, ਵੱਡਿਆਂ ਦਾ ਸਤਿਕਾਰ, ਉਸਾਰੂ ਸੋਚ, ਹਾਂਪੱਖੀ ਨਜਰੀਆ ਵਰਗੇ ਨੁਕਤੇ ਹਰ ਵਿਦਿਆਰਥੀ-ਵਿਦਿਆਰਥਣ ਲਈ ਤਰੱਕੀ ਦਾ ਸਰੋਤ ਹਨ। ‘ਰਾਮ ਮੁਹੰਮਦ ਸਿੰਘ ਆਜ਼ਾਦ ਵੈੱਲਫੇਅਰ ਸੁਸਾਇਟੀ’ ਕੋਟਕਪੂਰਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੁਰ ਸਿੰਘ ਵਾਲਾ ਵਿਖੇ ਹੁਸ਼ਿਆਰ ਬੱਚਿਆਂ ਦੇ ਕਰਵਾਏ ਗਏ ਸਨਮਾਨ ਸਮਾਰੋਹ ਮੌਕੇ ਬਤੌਰ ਮੁੱਖ ਮਹਿਮਾਨ ਪੁੱਜੇ ਡਾ. ਮਨਜੀਤ ਸਿੰਘ ਢਿੱਲੋਂ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਉਸਦੀ ਦਿਲੀ ਇੱਛਾ ਹੈ ਕਿ ਪੰਜਾਬ ਦੇ ਨੌਜਵਾਨ ਲੜਕੇ-ਲੜਕੀਆਂ ਆਈ.ਏ.ਐਸ., ਪੀ.ਸੀ.ਐਸ., ਆਈ.ਪੀ.ਐਸ. ਵਰਗੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚੋਂ ਚੰਗੇ ਨੰਬਰ ਲੈ ਕੇ ਵੱਡੇ ਅਫਸਰ ਬਣਨ ਅਤੇ ਦੇਸ਼ ਭਰ ਦੇ ਵੱਖ ਵੱਖ ਰਾਜਾਂ ਦੀਆਂ ਉੱਚ ਦਰਜੇ ਵਾਲੀਆਂ ਕੁਰਸੀਆਂ ’ਤੇ ਬਿਰਾਜਮਾਨ ਹੋਣ। ਉਹਨਾ ਦੱਸਿਆ ਕਿ ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜਿਜ ਨੇੜੇ ਪਿੰਡ ਢਿੱਲਵਾਂ ਬਠਿੰਡਾ ਰੋਡ ਕੋਟਕਪੂਰਾ ਵਿਖੇ ਲੜਕੇ-ਲੜਕੀਆਂ ਲਈ ਵੱਡੇ ਅਫਸਰ ਬਣਨ ਵਾਸਤੇ ਕੋਚਿੰਗ ਦਾ ਬਕਾਇਦਾ ਪ੍ਰਬੰਧ ਕਰ ਦਿੱਤਾ ਗਿਆ ਹੈ। ਵਿਜਡਮ ਕੋਟਾ ਕਲਾਜਿਸ ਦੇ ਡਾਇਰੈਕਟਰ ਵਿਨੋਦ ਵਰਮਾ ਨੇ ਵੱਡੇ ਅਫਸਰ ਬਣਨ ਸਬੰਧੀ ਵੱਖ ਵੱਖ ਨੁਕਤਿਆਂ ਦੀ ਸਾਂਝ ਪਾਈ। ਸੁਸਾਇਟੀ ਦੇ ਸੰਸਥਾਪਕ ਮਾ. ਸੋਮਨਾਥ ਅਰੋੜਾ ਸਮੇਤ ਪ੍ਰੋ. ਐਚ ਐਸ ਪਦਮ, ਐਨਆਰਆਈ ਹਰਭਜਨ ਸਿੰਘ ਮਠਾੜੂ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਅੰਕੜਿਆਂ ਸਹਿਤ ਸਮਝਾਉਂਦਿਆਂ ਦੱਸਿਆ ਕਿ ਅੱਜ ਸਮੇਂ ਦੀ ਕਦਰ ਕਰਨ ਵਾਲੇ ਵਿਅਕਤੀ ਇਕ ਸਫਲ ਨਾਗਰਿਕ ਵਾਲਾ ਜੀਵਨ ਬਤੀਤ ਕਰ ਰਹੇ ਹਨ। ਉਹਨਾ ਦੱਸਿਆ ਕਿ ਸੁਸਾਇਟੀ ਵੱਲੋਂ 550 ਸਰਕਾਰੀ ਸਕੂਲਾਂ ਦੇ ਹੁਸ਼ਿਆਰ ਬੱਚਿਆਂ ਦੇ ਸਨਮਾਨ ਸਮਾਰੋਹ ਸਫਲਤਾਪੂਰਵਕ ਨੇਪਰੇ ਚਾੜ੍ਹੇ ਜਾ ਚੁੱਕੇ ਹਨ। ਡਾ ਮਨਜੀਤ ਸਿੰਘ ਢਿੱਲੋਂ ਨੇ ਮੀਰੀ ਪੀਰੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਸੇਵਾ ਕਾਰਜਾਂ ਲਈ 5100 ਰੁਪਏ ਦੀ ਸਹਾਇਤਾ ਰਾਸ਼ੀ ਵੀ ਸੌਂਪੀ। ਸਕੂਲ ਮੁਖੀ ਪਿ੍ਰੰਸੀਪਲ ਮੈਡਮ ਭਾਰਤੀ ਸਮੇਤ ਸਮੁੱਚੇ ਸਟਾਫ ਵਲੋਂ ਮਾ. ਅਰਵਿੰਦ ਅਰੋੜਾ ਨੇ ਸਮੂਹ ਮਹਿਮਾਨਾ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਇਸ ਤੋਂ ਪਹਿਲਾਂ ਅਜਿਹਾ ਸੈਮੀਨਾਰ ਕਦੇ ਵੀ ਨਹੀਂ ਦੇਖਿਆ ਅਤੇ ਉਹ ਆਸ ਪ੍ਰਗਟਾਉਂਦੇ ਹਨ ਕਿ ਭਵਿੱਖ ਵਿੱਚ ਵੀ ਸੁਸਾਇਟੀ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰੱਖੇਗੀ। ਅੰਤ ਵਿੱਚ ਹੁਸ਼ਿਆਰ ਬੱਚਿਆਂ ਸਮੇਤ ਮੁੱਖ ਮਹਿਮਾਨ ਅਤੇ ਸਕੂਲ ਮੁਖੀ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਰਪੰਚ ਗੁਰਮੀਤ ਸਿੰਘ ਢਿੱਲੋਂ, ਮੈਂਬਰ ਪੰਚਾਇਤ ਬਾਜ ਸਿੰਘ, ਗੁਰਵਿੰਦਰ ਸਿੰਘ ਢਿੱਲੋਂ, ਪੰਚਾਇਤ ਸਕੱਤਰ ਜਗਜੀਤ ਸਿੰਘ ਆਦਿ ਦਾ ਵੀ ਭਰਪੂਰ ਸਹਿਯੋਗ ਰਿਹਾ।

