ਸਰੀ, 22 ਦਸੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਵੱਲੋਂ ਪਿਛਲੇ ਦਿਨੀਂ ਸੀਨੀਅਰ ਸਿਟੀਜ਼ਨ ਸੈਂਟਰ, ਸਰੀ ਵਿਖੇ ਇੱਕ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਰਿਹਾ। ਇਸ ਵਿਚ ਜਿਸ ਵਿੱਚ ਸੁਖਪ੍ਰੀਤ ਬੱਡੋਂ ਦੀ ਨਵੀਂ ਪੁਸਤਕ ‘ਯਾਰ ਰਬਾਬੀ’ ਲੋਕ ਅਰਪਣ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ, ਪਲਵਿੰਦਰ ਸਿੰਘ ਰੰਧਾਵਾ, ਲੇਖਿਕਾ ਸੁਖਪ੍ਰੀਤ ਬੱਡੋਂ, ਖੇਡ ਪੱਤਰਕਾਰ ਸੰਤੋਖ ਸਿੰਘ ਮੰਡੇਰ ਅਤੇ ਡਾ. ਰਾਜਿੰਦਰ ਪਾਲ ਸਿੰਘ ਬਰਾੜ ਨੇ ਕੀਤੀ।
ਸਮਾਗਮ ਦੀ ਸ਼ੁਰੂਆਤ ਸ਼ੋਕ ਮਤੇ ਨਾਲ ਹੋਈ, ਜਿਸ ਦੌਰਾਨ ਪੰਜਾਬ ਦੇ ਜੰਮਪਲ ਅਤੇ ਉਰਦੂ ਸ਼ਾਇਰੀ ਨਾਲ ਡੂੰਘੀ ਸਾਂਝ ਰੱਖਣ ਵਾਲੇ ਪ੍ਰਸਿੱਧ ਬੌਲੀਵੁਡ ਅਭਿਨੇਤਾ ਧਰਮਿੰਦਰ ਸਿੰਘ ਦਿਓਲ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਉਪਰੰਤ ਸਭਾ ਦੇ ਮੀਤ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ ਨੇ ਧਾਰਮਿਕ ਗੀਤ ਗਾ ਕੇ ਸਮਾਗਮ ਨੂੰ ਰੂਹਾਨੀ ਮਾਹੌਲ ਪ੍ਰਦਾਨ ਕੀਤਾ।
ਇਸ ਮੌਕੇ ਲੇਖਿਕਾ ਸੁਖਪ੍ਰੀਤ ਬੱਡੋਂ ਦੀ ਨਵੀਂ ਪੁਸਤਕ ‘ਯਾਰ ਰਬਾਬੀ’ ਨੂੰ ਵਿਦਵਾਨਾਂ, ਲੇਖਕਾਂ ਅਤੇ ਸਰੋਤਿਆਂ ਦੀ ਭਰਪੂਰ ਹਾਜਰੀ ਵਿੱਚ ਲੋਕ ਅਰਪਣ ਕੀਤਾ ਗਿਆ। ਪੁਸਤਕ ਉੱਪਰ ਵਿਚਾਰ ਪੇਸ਼ ਕਰਦਿਆਂ ਪ੍ਰਿਤਪਾਲ ਗਿੱਲ, ਪ੍ਰੋ. ਹਰਿੰਦਰ ਕੌਰ ਸੋਹੀ, ਜਸਬੀਰ ਮਾਨ, ਆਰਟਿਸਟ ਕਿਕੂ, ਅਜਮੇਰ ਰੋਡੇ, ਡਾ. ਪ੍ਰਿਥੀਪਾਲ ਸਿੰਘ ਸੋਹੀ, ਬਲਦੇਵ ਸਿੰਘ ਬਾਠ, ਡਾ. ਚਰਨਜੀਤ ਕੌਰ ਅਤੇ ਬਿੰਦੂ ਮਠਾਰੂ ਨੇ ਵਿਸਥਾਰਪੂਰਕ ਪਰਚੇ ਪੜ੍ਹੇ ਅਤੇ ਰਚਨਾ ਦੇ ਵਿਸ਼ੇ, ਸੰਰਚਨਾ ਅਤੇ ਸਮਕਾਲੀ ਮਹੱਤਤਾ ਉੱਤੇ ਚਾਨਣਾ ਪਾਇਆ। ਕਵਿੰਦਰ ਚਾਂਦ, ਡਾ. ਰਾਜਿੰਦਰ ਪਾਲ ਸਿੰਘ ਬਰਾੜ ਅਤੇ ਚਰਨਜੀਤ ਕੌਰ ਬਰਾੜ ਵੱਲੋਂ ਵੀ ਵਿਚਾਰ ਪ੍ਰਗਟ ਕੀਤੇ ਗਏ। ਪੁਸਤਕ ਲੋਕ ਅਰਪਣ ਉਪਰੰਤ ਲੇਖਿਕਾ ਸੁਖਪ੍ਰੀਤ ਬੱਡੋਂ ਨੇ ਆਪਣੀ ਪੁਸਤਕ ਦੀ ਰਚਨਾਤਮਕ ਯਾਤਰਾ ਅਤੇ ਮਕਸਦ ਬਾਰੇ ਮੁੱਢਲੀ ਜਾਣਕਾਰੀ ਦਿੱਤੀ। ਇਸ ਦੌਰਾਨ ਪ੍ਰੋ. ਕਸ਼ਮੀਰਾ ਸਿੰਘ ਨੇ “ਮਹਾਨ ਸਿਕੰਦਰ ਅਤੇ ਪੰਜਾਬ” ਵਿਸ਼ੇ ’ਤੇ ਇਤਿਹਾਸਕ ਪਰਿਪੇਖ ਵਿੱਚ ਵਿਚਾਰ ਸਾਂਝੇ ਕੀਤੇ।
ਸਮਾਗਮ ਦੇ ਅਗਲੇ ਪੜਾਅ ਵਿੱਚ ਕਰਵਾਏ ਕਵੀ ਦਰਬਾਰ ਵਿਚ ਸਭਾ ਦੇ ਮੈਂਬਰਾਂ, ਸਥਾਨਕ ਅਤੇ ਮਹਿਮਾਨ ਕਵੀਆਂ–ਕਵਿਤਰੀਆਂ ਵੱਲੋਂ ਗੀਤ, ਗ਼ਜ਼ਲਾਂ ਅਤੇ ਕਵਿਤਾਵਾਂ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ ਗਈ। ਕਵੀ ਦਰਬਾਰ ਵਿੱਚ ਪਲਵਿੰਦਰ ਸਿੰਘ ਰੰਧਾਵਾ, ਸੁਰਜੀਤ ਸਿੰਘ ਗਿੱਲ, ਗੁਰਦਰਸ਼ਨ ਸਿੰਘ ਮਠਾਰੂ, ਅਮਰੀਕ ਪਲਾਹੀ, ਹਰਚੰਦ ਸਿੰਘ ਗਿੱਲ, ਮਨਜੀਤ ਮੱਲ੍ਹਾ, ਇੰਦਰਜੀਤ ਸਿੰਘ ਧਾਮੀ, ਬਿੱਕਰ ਸਿੰਘ ਖੋਸਾ, ਰਾਜਵੰਤ ਰਾਜ, ਬਲਬੀਰ ਕੌਰ ਢਿੱਲੋਂ, ਪ੍ਰੋ. ਹਰਿੰਦਰ ਕੌਰ ਸੋਹੀ, ਦਰਸ਼ਨ ਸੰਘਾ, ਕਵਿੰਦਰ ਚਾਂਦ, ਬਲਦੇਵ ਬਾਠ, ਪ੍ਰੀਤ ਪਾਲ ਪੂੰਨੀ, ਬਿੰਦੂ ਮਠਾਰੂ, ਅਜਮੇਰ ਰੋਡੇ, ਹਰਸ਼ਰਨ ਸਿੰਘ ਸਿੱਧੂ, ਚਰਨਜੀਤ ਕੌਰ, ਡਾ. ਰਾਜਿੰਦਰ ਪਾਲ ਸਿੰਘ ਬਰਾੜ, ਸੁਰਿੰਦਰ ਸਿੰਘ ਭਲਵਾਨ, ਆਰਟਿਸਟ ਕਿਕੂ ਅਤੇ ਨਰਿੰਦਰ ਬਾਹੀਆ ਨੇ ਰਚਨਾਵਾਂ ਪੇਸ਼ ਕੀਤੀਆਂ।
ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਵੀ ਮੌਜੂਦ ਸਨ। ਅੰਤ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਲੇਖਿਕਾ ਸੁਖਪ੍ਰੀਤ ਬੱਡੋਂ, ਖੇਡ ਪੱਤਰਕਾਰ ਸੰਤੋਖ ਸਿੰਘ ਮੰਡੇਰ ਅਤੇ ਜਸਬੀਰ ਸਿੰਘ ਭਲੂਰੀਆ ਨੂੰ ਸਨਮਾਨਿਤ ਕੀਤਾ ਗਿਆ। ਲੇਖਿਕਾ ਅਤੇ ਉਸ ਦੇ ਪਰਿਵਾਰ ਵੱਲੋਂ ਸੀਨੀਅਰ ਸਿਟੀਜ਼ਨ ਸੈਂਟਰ ਦੇ ਅਹੁਦੇਦਾਰਾਂ ਨੂੰ ਪੁਸਤਕਾਂ ਭੇਂਟ ਕੀਤੀਆਂ ਗਈਆਂ। ਅਖੀਰ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸਾਰੇ ਲੇਖਕਾਂ, ਕਵੀਆਂ, ਵਿਦਵਾਨਾਂ, ਸਰੋਤਿਆਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਸਮਾਗਮ ਦਾ ਸੰਚਾਲਨ ਪਲਵਿੰਦਰ ਸਿੰਘ ਰੰਧਾਵਾ ਨੇ ਬਾਖੂਬੀ ਕੀਤਾ।

