ਸਕੂਲੀ ਖੇਡਾਂ ਦੇ ਸੂਬਾ ਪੱਧਰੀ ਮੁਕਾਬਲਿਆਂ ਦੌਰਾਨ ਖਿਡਾਰੀਆਂ ਨਾਲ ਹੋਇਆ ਵਿਤਕਰਾ : ਕੋਚ
ਸਰਕਾਰ ਵੱਲੋਂ ਨਿਰਧਾਰਤ ਸਿਲੈਕਸ਼ਨ ਕਮੇਟੀ ’ਚ ਸਾਡੀ ਕੋਈ ਦਖਲਅੰਦਾਜੀ ਨਹੀਂ ਹੁੰਦੀ : ਏ.ਈ.ਓ.
ਕੋਟਕਪੂਰਾ, 22 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਖੇਡਾਂ ਵਤਨ ਪੰਜਾਬ ਦੀਆਂ’ ਅਤੇ ਸਕੂਲੀ ਖੇਡਾਂ ਰਾਹੀਂ ਬੱਚਿਆਂ ਤੇ ਨੌਜਵਾਨਾ ਨੂੰ ਸਰੀਰਕ ਪੱਖੋਂ ਰਿਸ਼ਟ ਪੁਸ਼ਟ, ਤੰਦਰੁਸਤ ਅਤੇ ਰੁਜਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੇ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਵੀ ਖਿਡਾਰੀ, ਰੈਫਰੀ ਅਤੇ ਕੋਚ ਵਿਤਕਰੇਬਾਜੀ ਦਾ ਸ਼ਿਕਾਰ ਹੋ ਰਹੇ ਹਨ। ਫਰੀਦਕੋਟ ਵਿਖੇ 69ਵੀਂ ਰਗਬੀ ਸਟੇਟ ਟੂਰਨਾਮੈਂਟ ਦੌਰਾਨ ਹੋਏ ਪੱਖਪਾਤ, ਧੱਕੇਸ਼ਾਹੀ, ਵਿਤਕਰੇਬਾਜੀ, ਅਣਗਹਿਲੀ ਅਤੇ ਲਾਪ੍ਰਵਾਹੀ ਦੇ ਸਬੂਤਾਂ ਸਮੇਤ ਦਸਤਾਵੇਜ ਦੀਆਂ ਕਾਪੀਆਂ ਪੱਤਰਕਾਰਾਂ ਨੂੰ ਸੋਂਪਦਿਆਂ ਪੈ੍ਰਸ ਕਾਨਫਰੰਸ ਦੌਰਾਨ ਤਿੰਨ ਕੋਚਾਂ ਦਵਿੰਦਰ ਸਿੰਘ ਜੋਂਟੀ, ਜਸਵਿੰਦਰ ਸਿੰਘ ਹਰੀਨੌ ਅਤੇ ਅਮੋਲਕ ਸਿੰਘ ਬਰਾੜ ਨੇ ਦਾਅਵਾ ਕੀਤਾ ਕਿ ਵਿਤਕਰੇਬਾਜੀ, ਪੱਖਪਾਤ ਅਤੇ ਧੱਕੇਸ਼ਾਹੀ ਦੇ ਬਾਵਜੂਦ ਵੀ ਪਹਿਲੇ, ਦੂਜੇ, ਤੀਜੇ ਮੈਚਾਂ ਸਮੇਤ ਕੁਆਟਰ ਫਾਈਨਲ, ਸੈਮੀਫਾਈਨਲ ਅਤੇ ਫਾਈਨਲ ਮੁਕਾਬਲਿਆਂ ਵਿੱਚ ਵਿਰੋਧੀਆਂ ਨੂੰ ਜੀਰੋ ’ਤੇ ਰੱਖ ਕੇ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਵਾਲੇ ਫਰੀਦਕੋਟ ਦੇ ਖਿਡਾਰੀਆਂ ਦੀ ਨੈਸ਼ਨਲ ਲਈ ਚੋਣ ਨਾ ਕਰਨ ਨਾਲ ਖਿਡਾਰੀਆਂ ਦੇ ਹੌਂਸਲੇ ਪਸਤ ਹੋਣੇ ਸੁਭਾਵਿਕ ਹਨ ਪਰ ਜੇਕਰ ਸਰਕਾਰ ਵਲੋਂ ਇਸ ਦੀ ਬਰੀਕੀ ਨਾਲ ਜਾਂਚ ਕਰਵਾਈ ਜਾਵੇ ਤਾਂ ਜਿੱਥੇ ਬਹੁਤ ਵੱਡਾ ਘਪਲਾ ਸਾਹਮਣੇ ਆ ਸਕਦਾ ਹੈ, ਉੱਥੇ ਸਿਲੈਕਸ਼ਨ ਕਮੇਟੀ ਦੀ ਮਨਸ਼ਾ, ਮਕਸਦ ਅਤੇ ਸੋਚ ਸਬੰਧੀ ਵੀ ਸਥਿੱਤੀ ਸਪੱਸ਼ਟ ਹੋ ਸਕਦੀ ਹੈ। ਉਹਨਾ ਦੱਸਿਆ ਕਿ ਉਪਰੋਕਤ 6 ਮੁਕਾਬਲਿਆਂ ਵਿੱਚ ਫਰੀਦਕੋਟ ਨੇ ਫਾਜਿਲਕਾ ਨੂੰ 5-0, ਲੁਧਿਆਣਾ 4-0, ਕਪੂਰਥਲਾ ਨੂੰ 3-0, ਪਟਿਆਲਾ ਨੂੰ 4-0, ਅੰਮ੍ਰਿਤਸਰ ਨੂੰ 3-0 ਅਤੇ ਮੋਗਾ ਨੂੰ 8-0 ’ਤੇ ਆਊਟ ਕਰਕੇ ਜਿੱਤ ਪ੍ਰਾਪਤ ਕੀਤੀ ਪਰ ਫਿਰ ਵੀ ਉਪਰੋਕਤ ਹੋਣਹਾਰ ਖਿਡਾਰੀਆਂ ਨਾਲ ਪੱਖਪਾਤ ਕਰਕੇ ਵਿਤਕਰੇਬਾਜੀ ਕੀਤੀ ਗਈ ਤੇ ਉਹਨਾਂ ਦੀ ਨੈਸ਼ਨਲ ਲਈ ਚੋਣ ਕਰਨ ਦੀ ਜਰੂਰਤ ਹੀ ਨਹੀਂ ਸਮਝੀ ਗਈ। ਉਹਨਾ ਧੱਕੇਸ਼ਾਹੀ ਅਤੇ ਵਿਤਕਰੇਬਾਜੀ ਦਾ ਸ਼ਿਕਾਰ ਹੋਏ ਖਿਡਾਰੀਆਂ ਨੂੰ ਵੀ ਪੱਤਰਕਾਰਾਂ ਦੇ ਸਨਮੁੱਖ ਕੀਤਾ ਤਾਂ ਉਹਨਾ ਵੀ ਪੱਤਰਕਾਰਾਂ ਨੂੰ ਆਪਣੇ ਦੁਖੜੇ ਸੁਣਾਏ। ਇਕ ਸਵਾਲ ਦੇ ਜਵਾਬ ਵਿੱਚ ਉਪਰੋਕਤ ਕੋਚ ਸਹਿਬਾਨ ਨੇ ਦੱਸਿਆ ਕਿ ਫਰੀਦਕੋਟ ਵਿਖੇ ਹੋਏ ਸੂਬਾ ਪੱਧਰੀ ਮੁਕਾਬਲਿਆਂ ਵਿੱਚ 2-4 ਨੂੰ ਛੱਡ ਕੇ ਜਿਆਦਾਤਰ ਅਬਜਰਵਰ, ਰੈਫਰੀ, ਚੋਣ ਕਰਤਾ, ਕੋਆਰਡੀਨੇਟਰ ਆਦਿਕ ਅਜਿਹੇ ਲਾਏ ਗਏ ਸਨ, ਜਿੰਨਾ ਨੂੰ ਗੇਂਦ ਤੱਕ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਹਨਾਂ ਵੱਲੋਂ ਰੈਫਰੀ ਕੀਤੀ ਗਈ, ਜਿਸ ਕਰਕੇ ਮੈਚਾਂ ਦੇ ਨਤੀਜੇ ਉਹਨਾਂ ਦੀ ਮਰਜੀ ਮੁਤਾਬਿਕ ਨਿਕਲੇ, ਨਿਯਮਾ ਦੇ ਖਿਲਾਫ ਜਾ ਕੇ ਖਿਡਾਰੀਆਂ ਨੂੰ ਹਰਾਇਆ ਅਤੇ ਜਿਤਾਇਆ ਗਿਆ, ਸਿਫਾਰਸ਼ ਦਾ ਬੋਲਬਾਲਾ ਰਿਹਾ। ਉਹਨਾ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਏਜੰਸੀਆਂ ਰਾਹੀਂ ਖੇਡ ਵਿਭਾਗ ਵਿੱਚ ਜੋ ਕੋਚ ਠੇਕੇ ’ਤੇ ਰੱਖੇ ਜਾਂਦੇ ਹਨ, ਗੈਰ ਤਜਰਬੇਕਾਰ ਹੋਣ ਕਰਕੇ ਉਹ ਖੇਡ ਵਿਭਾਗ ਅਤੇ ਸਰਕਾਰੀ ਖਜਾਨੇ ਅਤੇ ਅਕਸ ਦਾ ਬਹੁਤ ਨੁਕਸਾਨ ਕਰ ਰਹੇ ਹਨ। ਉਹਨਾ ਅੰਕੜਿਆਂ ਸਹਿਤ ਦਲੀਲ ਨਾਲ ਇਕ ਇਕ ਸਬੂਤ ਦਿਖਾਉਂਦਿਆਂ ਆਖਿਆ ਕਿ ਪਿਛਲੇ ਸਾਲ ਲੜਕੀਆਂ ਦੀ ਹਾਕੀ ਦੀ ਟੀਮ ਨਾਲ ਕਬੱਡੀ ਦਾ ਕੋਚ ਭੇਜਿਆ ਗਿਆ ਪਰ ਕਿਸੇ ਨੇ ਇਸ ਬਹੁਤ ਵੱਡੀ ਗਲਤੀ ਅਤੇ ਅਣਗਹਿਲੀ ਵੱਲ ਧਿਆਨ ਦੇਣ ਦੀ ਜਰੂਰਤ ਹੀ ਨਹੀਂ ਸਮਝੀ। ਉਹਨਾ ਦੱਸਿਆ ਕਿ ਉਕਤ ਸੂਬਾ ਪੱਧਰੀ ਮੁਕਾਬਲੇ ਫਰੀਦਕੋਟ ਵਿਖੇ 6 ਨਵੰਬਰ ਤੋਂ 9 ਨਵੰਬਰ ਤੱਕ ਹੋਣੇ ਸਨ ਪਰ ਤਜਰਬੇਕਾਰ ਰੈਫਰੀ, ਕੋਆਰਡੀਨੇਟਰ, ਸਿਲੈਕਟਰ ਆਦਿਕ ਪ੍ਰਬੰਧਕ ਨਾ ਹੋਣ ਕਾਰਨ ਉਕਤ ਟੂਰਨਾਮੈਂਟ 9 ਤੋਂ 11 ਨਵੰਬਰ ਤੱਕ ਕਰਨਾ ਪਿਆ, ਫਿਰ ਵੀ ਮੁਕੰਮਲ ਮੈਚ ਨਾ ਹੋ ਸਕੇ, ਜੋ ਬਾਅਦ ਵਿੱਚ ਬਰਨਾਲਾ ਵਿਖੇ ਕਰਵਾਉਣੇ ਪਏ। ਜੇਕਰ ਉਕਤ ਮਾਮਲੇ ਦੀ ਜਾਂਚ ਕਰਵਾਈ ਜਾਵੇ ਤਾਂ ਇਸ ਵਿੱਚ ਪੰਜਾਬ ਸਰਕਾਰ ਦੇ ਲੱਖਾਂ ਰੁਪਏ ਦੀ ਬੱਚਤ ਵੀ ਹੋਣੀ ਸੀ। ਪੈ੍ਰਸ ਕਾਨਫਰੰਸ ਦੌਰਾਨ ਪੁੱਜੇ ‘ਆਪ’ ਆਗੂ ਮਨਦੀਪ ਸਿੰਘ ਮਿੰਟੂ ਗਿੱਲ ਨੇ ਆਖਿਆ ਕਿ ਸਰਕਾਰ ਵੱਲੋਂ ਕਿਸੇ ਖਿਡਾਰੀ ਨਾਲ ਕੋਈ ਧੱਕੇਸ਼ਾਹੀ ਜਾਂ ਵਿਤਕਰੇਬਾਜੀ ਨਹੀਂ ਹੋਣ ਦਿੱਤੀ ਜਾਵੇਗੀ। ਸੰਪਰਕ ਕਰਨ ’ਤੇ ਮੈਡਮ ਕੇਵਲ ਕੌਰ ਅਸਿਸਟੈਂਟ ਐਜੂਕੇਸ਼ਨ ਅਫਸਰ (ਏ.ਈ.ਓ.) ਫਰੀਦਕੋਟ ਨੇ ਆਖਿਆ ਕਿ ਸਿਲੈਕਸ਼ਨ ਕਮੇਟੀ ਸਰਕਾਰ ਵੱਲੋਂ ਨਿਰਧਾਰਤ ਕੀਤੀ ਜਾਂਦੀ ਹੈ ਤੇ ਉਸ ਵਿੱਚ ਸਾਡੀ ਕੋਈ ਦਖਲਅੰਦਾਜੀ ਨਹੀਂ ਹੁੰਦੀ।

