ਮਨਰੇਗਾ ਸਕੀਮ ਨੂੰ ਖ਼ਤਮ ਕਰਨ ਵਿਰੁੱਧ ਸੀ.ਪੀ.ਆਈ. ਮੈਦਾਨ ਵਿੱਚ, ਰੋਸ ਪ੍ਰਦਰਸ਼ਨ ਭਲਕੇ
ਮੋਦੀ ਸਰਕਾਰ ਨੂੰ ਮਜਦੂਰ ਵਿਰੋਧੀ ਫ਼ੈਸਲੇ ਵਾਪਿਸ ਲੈਣ ਲਈ ਕਰਾਂਗੇ ਮਜ਼ਬੂਰ : ਕੰਮੇਆਣਾ
ਕੋਟਕਪੂਰਾ, 22 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਭਾਰਤੀ ਸੰਸਦ ਦੇ ਇਤਿਹਾਸ ਵਿੱਚ 18 ਦਸੰਬਰ ਦਾ ਦਿਨ ਮਜਦੂਰ ਵਿਰੋਧੀ ਕਾਲੇ ਦਿਨ ਵਜੋਂ ਯਾਦ ਰੱਖਿਆ ਜਾਵੇਗਾ, ਜਦੋਂ ਕੇਂਦਰ ਦੀ ਮੋਦੀ ਸਰਕਾਰ ਨੇ ਬਹੁਗਿਣਤੀ ਦੇ ਜੋਰ ’ਤੇ ਕਰੋੜਾਂ ਪੇਂਡੂ ਗਰੀਬਾਂ ਨੂੰ ਰਾਹਤ ਦੇਣ ਵਾਲੇ ਵੀਹ ਸਾਲ ਪੁਰਾਣੇ ‘ਮਹਾਤਮਾ ਗਾਂਧੀ ਨੈਸ਼ਨਲ ਰੂਰਲ ਗਰੰਟੀ ਐਕਟ’ (ਮਨਰੇਗਾ) ਨੂੰ ਖ਼ਤਮ ਕਰਕੇ ਉਸਦੀ ਥਾਂ ਮਜਦੂਰ ਵਿਰੋਧੀ ‘ਜੀ ਰਾਮ ਜੀ’ ਪਾਸ ਕੀਤਾ।’ ਇਹ ਗੱਲ ਭਾਰਤੀ ਕਮਿਊਨਿਸਟ ਪਾਰਟੀ ਜਿਲਾ ਫਰੀਦਕੋਟ ਦੇ ਸਕੱਤਰ ਅਸ਼ੋਕ ਕੌਸ਼ਲ ਨੇ ਜ਼ਿਲੇ ਦੇ ਵੱਖ-ਵੱਖ ਪਿੰਡਾਂ ਔਲਖ, ਘਨੀਏਵਾਲਾ, ਜਿਊਣਵਾਲਾ ਅਤੇ ਕੋਟਸੁਖੀਆ ਵਿੱਚ ਪਾਰਟੀ ਵਰਕਰਾਂ ਅਤੇ ਨਰੇਗਾ ਮਜ਼ਦੂਰਾਂ ਦੀਆਂ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਕਹੀ। ਇਸ ਮੌਕੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੀਨੀਅਰ ਆਗੂ ਕਾਮਰੇਡ ਵੀਰ ਸਿੰਘ ਕੰਮੇਆਣਾ, ਗੁਰਦੀਪ ਸਿੰਘ ਕੰਮੇਆਣਾ, ਮੁਲਾਜ਼ਮ ਆਗੂ ਬਲਕਾਰ ਸਿੰਘ ਸਹੋਤਾ ਤੋਂ ਇਲਾਵਾ ਗੁਰਤੇਜ ਸਿੰਘ, ਨਾਇਬ ਸਿੰਘ ਘਣੀਏਵਾਲਾ, ਰੇਸ਼ਮ ਸਿੰਘ ਜਿਊਣਵਾਲਾ, ਬੀਬੀ ਪਵਨਦੀਪ ਕੌਰ ਅਤੇ ਚਮਕੌਰ ਸਿੰਘ ਹਾਜ਼ਰ ਸਨ। ਮਜ਼ਦੂਰ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਇਸ ਸਕੀਮ ਦਾ ਸਿਰਫ਼ ਨਾਂ ਹੀ ਨਹੀਂ ਬਦਲਿਆ, ਸਗੋਂ ਇਸਦਾ ਪੂਰਾ ਢਾਂਚਾ ਹੀ ਬਦਲ ਕੇ ਗਰੀਬਾਂ ਦੀ ਥਾਲੀ ਵਿੱਚ ਪਈ ਰੋਟੀ ਚੁੱਕ ਲਈ ਹੈ। ਇਸੇ ਦੌਰਾਨ ਕਾਮਰੇਡ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ, ਗੋਰਾ ਪਿਪਲੀ, ਮਨਜੀਤ ਕੌਰ, ਪੱਪੀ ਢਿੱਲਵਾਂ ਨੇ ਕਿਹਾ ਹੈ ਕਿ ਮਨਰੇਗਾ ਦੀ ਥਾਂ ’ਤੇ ਲਿਆਂਦੇ ਨਵੇਂ ਪੇਂਡੂ ਰੁਜ਼ਗਾਰ ਕਾਨੂੰਨ ਵਿੱਚ ਕੇਂਦਰ ਨੇ ਆਪਣਾ ਯੋਗਦਾਨ 90 ਫ਼ੀਸਦੀ ਤੋਂ ਘਟਾ ਕੇ 60 ਫ਼ੀਸਦੀ ਕਰਦੇ ਹੋਏ 40 ਫ਼ੀਸਦੀ ਭਾਰ ਸੂਬਾ ਸਰਕਾਰਾਂ ਦੇ ਸਿਰ ਪਾ ਦਿੱਤਾ ਹੈ, ਜਿਸ ਨਾਲ ਨਵੀਂ ਸਕੀਮ ‘ਜੀ ਰਾਮ ਜੀ’ ਦਾ ਉੱਕਾ ਹੀ ਕੋਈ ਲਾਭ ਨਹੀਂ ਹੋਵੇਗਾ, ਕਿਉਂਕਿ ਸੂਬੇ ਇਹ ਭਾਰ ਚੁੱਕਣ ਦੇ ਅਸਮਰੱਥ ਹਨ। ਕਮਿਊਨਿਸਟ ਆਗੂਆਂ ਨੇ ਐਲਾਨ ਕੀਤਾ ਕਿ ਮੋਦੀ ਸਰਕਾਰ ਦੀ ਇਸ ਧੱਕੇਸ਼ਾਹੀ ਦਾ ਮੂੰਹ ਤੋੜ ਜਵਾਬ ਦੇਣ ਲਈ 22 ਦਸੰਬਰ ਦਿਨ ਸੋਮਵਾਰ ਨੂੰ 11:00 ਵਜੇ ਸ਼ਹੀਦ ਕਾਮਰੇਡ ਅਮੋਲਕ ਭਵਨ ਫਰੀਦਕੋਟ ਵਿਖੇ ਵਿਸ਼ਾਲ ਇਕੱਠ ਕੀਤਾ ਜਾਵੇਗਾ ਅਤੇ ਡੀ.ਸੀ. ਦਫ਼ਤਰ ਵੱਲ ਮਾਰਚ ਕੀਤਾ ਜਾਵੇਗਾ। ਉਹਨਾਂ ਨੇ ਦੱਸਿਆ ਕਿ ਇਸ ਦਿਨ ਸਿਰਫ਼ ਪੰਜਾਬ ਵਿੱਚ ਹੀ ਨਹੀਂ ਸਗੋਂ ਦੇਸ਼ ਭਰ ਵਿੱਚ ਕਮਿਊਨਿਸਟ ਪਾਰਟੀ ਪੇਂਡੂ ਮਜ਼ਦੂਰ ਜਥੇਬੰਦੀਆਂ ਨੂੰ ਨਾਲ ਲੈ ਕੇ ਜ਼ੋਰਦਾਰ ਸੰਘਰਸ਼ ਕਰੇਗੀ ਅਤੇ ਮੋਦੀ ਸਰਕਾਰ ਨੂੰ ਮਜਦੂਰ ਵਿਰੋਧੀ ਫ਼ੈਸਲੇ ਵਾਪਿਸ ਲੈਣ ਲਈ ਮਜ਼ਬੂਰ ਕੀਤਾ ਜਾਵੇਗਾ।

