ਆਪਣੇ ਅਖਤਿਆਰੀ ਕੋਟੇ ’ਚੋਂ ਕਲੱਬ ਨੂੰ 2 ਲੱਖ ਰੁਪਏ ਦਾ ਸੈਕਸ਼ਨ ਲੈਟਰ ਜਾਰੀ

ਕੋਟਕਪੂਰਾ, 23 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੋਟਕਪੂਰਾ ਦੇ ਨੇੜਲੇ ਪਿੰਡ ਸਿੱਖਾਂਵਾਲਾ ਵਿਖੇ ਆਜ਼ਾਦ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਨਗਰ ਨਿਵਾਸੀਆਂ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ 15ਵਾਂ ਕਾਸਕੋ ਕ੍ਰਿਕਟ ਟੂਰਨਾਮੈਂਟ ਮਿਤੀ 18 ਦਸੰਬਰ ਤੋਂ 21 ਦਸੰਬਰ 2025 ਤੱਕ ਖੇਡ ਗਰਾਊਂਡ ਪਿੰਡ ਸਿੱਖਾਂਵਾਲਾ ਵਿੱਚ ਆਯੋਜਿਤ ਕੀਤਾ ਗਿਆ। ਟੂਰਨਾਮੈਂਟ ਦੇ ਆਖਰੀ ਦਿਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਨੌਜਵਾਨਾਂ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਿਹਤਮੰਦ ਸਮਾਜ ਦੀ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਤੰਦਰੁਸਤ ਨੌਜਵਾਨ ਹੀ ਦੇਸ਼ ਦੀ ਅਸਲੀ ਤਾਕਤ ਹੁੰਦੇ ਹਨ। ਸਪੀਕਰ ਸੰਧਵਾਂ ਵੱਲੋਂ ਇਸ ਮੌਕੇ ਆਜ਼ਾਦ ਸਪੋਰਟਸ ਐਂਡ ਵੈਲਫੇਅਰ ਕਲੱਬ, ਸਿੱਖਾਂਵਾਲਾ ਨੂੰ ਖੇਡ ਗਰਾਊਂਡ ਨਾਲ ਸਬੰਧਤ ਵਿਕਾਸ ਕਾਰਜਾਂ ਲਈ 2 ਲੱਖ ਰੁਪਏ ਦਾ ਸੈਕਸ਼ਨ ਲੈਟਰ ਜਾਰੀ ਕੀਤਾ ਗਿਆ ਅਤੇ ਭਰੋਸਾ ਦਿਵਾਇਆ ਗਿਆ ਕਿ ਭਵਿੱਖ ਵਿੱਚ ਵੀ ਖੇਡਾਂ ਦੇ ਵਿਕਾਸ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਕਲੱਬ ਦੇ ਪ੍ਰਧਾਨ ਸੁਖਚੈਨ ਸਿੰਘ ਅਤੇ ਜਗਜੀਤ ਸਿੰਘ ਵੱਲੋਂ ਸਪੀਕਰ ਸਾਹਿਬ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਕਲੱਬ ਵੱਲੋਂ ਖੇਡ ਗਰਾਊਂਡ ਨਾਲ ਜੁੜੀਆਂ ਕੁਝ ਮੰਗਾਂ ਰੱਖੀਆਂ ਗਈਆਂ, ਜਿਨ੍ਹਾਂ ਬਾਰੇ ਸਪੀਕਰ ਸੰਧਵਾਂ ਨੇ ਸਬੰਧਤ ਵਿਭਾਗ ਨੂੰ ਤੁਰਤ ਐਸਟੀਮੇਟ ਤਿਆਰ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਕਲੱਬ ਮੈਂਬਰਾਂ ਨੇ ਦੱਸਿਆ ਕਿ ਟੂਰਨਾਮੈਂਟ ਦੀ ਜੇਤੂ ਟੀਮ ਨੂੰ 22,000 ਰੁਪਏ, ਦੂਜੇ ਨੰਬਰ ਦੀ ਟੀਮ ਨੂੰ 12,000 ਰੁਪਏ ਅਤੇ ਤੀਜੇ ਤੇ ਚੌਥੇ ਸਥਾਨ ਲਈ 3,100–3,100 ਰੁਪਏ ਦੇ ਨਕਦ ਇਨਾਮ ਐਨ.ਆਰ.ਆਈ. ਦਾਨਦਾਤਿਆਂ ਅਤੇ ਪਿੰਡ ਦੇ ਪਤਵੰਤਿਆਂ ਵੱਲੋਂ ਪ੍ਰਦਾਨ ਕੀਤੇ ਗਏ। ਇਸ ਮੌਕੇ ਮਨਪ੍ਰੀਤ ਸਿੰਘ ਧਾਲੀਵਾਲ, ਸਰਪੰਚ ਹਰਬੰਸ ਸਿੰਘ, ਪਿੰਡ ਚਮੇਲੀ ਦੇ ਸਰਪੰਚ ਦਿਲਬਾਗ ਸਿੰਘ ਬਰਾੜ, ਬਲਾਕ ਸੰਮਤੀ ਮੈਂਬਰ ਗੁਰਚਰਨ ਸਿੰਘ, ਚੰਨਾ ਸੰਧੂ, ਨਿਰਮਲ ਸਿੰਘ ਢਿੱਲੋਂ, ਰਣਧੀਰ ਸਿੰਘ, ਰਣਬੀਰ ਸਿੰਘ ਖ਼ਾਲਸਾ, ਸਰਦੂਲ ਸਿੰਘ ਨੰਬਰਦਾਰ, ਹੈਪੀ ਚਮੇਲੀ ਸਮੇਤ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ।
