ਕੋਟਕਪੂਰਾ, 25 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀਨੌ ਵਿਖੇ ਪ੍ਰੋਗਰਾਮ ਅਫਸਰ ਮੈਡਮ ਸ਼ਮਿੰਦਰ ਕੌਰ ਦੀ ਅਗਵਾਈ ਹੇਠ ਸੱਤ ਰੋਜ਼ਾ ਐਨ.ਐਸ.ਐਸ.ਕੈਂਪ ਦੀ ਸ਼ੁਰੂਆਤ ਬਹੁਤ ਹੀ ਉਤਸ਼ਾਹ ਅਤੇ ਜੋਸ਼ ਨਾਲ ਕੀਤੀ ਗਈ। ਸਭ ਤੋਂ ਪਹਿਲਾਂ ਐਨ.ਐਸ.ਐਸ.ਪ੍ਰੋਗਰਾਮ ਅਫਸਰ ਸ਼ਮਿੰਦਰ ਕੌਰ ਵੱਲੋਂ ਵਲੰਟੀਅਰਾਂ ਨੂੰ ਸਹੁੰ ਚੁਕਵਾਈ ਗਈ। ਉਪਰੰਤ ਪ੍ਰੋਗਰਾਮ ਅਫਸਰ ਨੇ ਐਨ.ਐਸ.ਐਸ. ਦੇ ਇਤਿਹਾਸ ਦੇ ਮਹੱਤਤਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਬਲਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਆਪਣੇ ਸੰਬੋਧਨ ਦੌਰਾਨ ਜਾਫਰ ਖਾਨ ਗਾਈਡੈਂਸ ਕੌਂਸਲਰ, ਜਸਬੀਰ ਜੱਸੀ, ਜ਼ਿਲ੍ਹਾ ਗਾਈਡੈਂਸ ਕੌਂਸਲਰ, ਸੁਖਮੰਦਰ ਸਿੰਘ ਜ਼ਿਲ੍ਹਾ ਪ੍ਰੋਡਕਸ਼ਨ ਅਫਸਰ ਅਤੇ ਸੁਰਿੰਦਰ ਪਾਲ ਸਿੰਘ ਸੋਨੀ, ਪੰਜਾਬੀ ਅਧਿਆਪਕ ਆਦਿ ਬੁਲਾਰਿਆਂ ਨੇ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਅਪਣਾਉਣ ਲਈ ਪ੍ਰੇਰਿਤ ਕਰਦਿਆਂ ਆਖਿਆ ਕਿ ਨਵਾਂ ਸਮਾਜ ਸਿਰਜਣ ਲਈ ਹਰ ਖੇਤਰ ਵਿੱਚ ਕੰਮ ਕਰਨ ਵਾਲੇ ਬੱਚੇ ਨੌਜਵਾਨ ਤੇ ਬਜ਼ੁਰਗਾਂ ਲਈ ਨੈਤਿਕਤਾ ਬਹੁਤ ਜਰੂਰੀ ਹੈ। ਕੈਂਪ ਦੌਰਾਨ ਸਫਾਈ ਅਭਿਆਨ, ਜਾਗਰੂਕਤਾ ਰੈਲੀਆਂ, ਸਿਹਤ ਸਬੰਧੀ ਕੈਂਪ ਅਤੇ ਨਸ਼ਾ ਮੁਕਤੀ ਸਬੰਧੀ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸ ਉਪਰੰਤ ਡਾਇਰੈਕਟਰ ਪ੍ਰਿੰਸੀਪਲ ਸੁਰਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਸਕੂਲ ਦੇ ਪ੍ਰਿੰਸੀਪਲ ਸੋਮਾ ਦੇਵੀ, ਗੁਰਵਿੰਦਰ ਸਿੰਘ, ਗੁਰਸ਼ਿੰਦਰ ਸਿੰਘ, ਪਰਮਪ੍ਰੀਤ ਕੌਰ ਅਤੇ ਹੋਰ ਅਧਿਆਪਕ ਸਾਹਿਬਾਨ ਵੀ ਹਾਜ਼ਰ ਸਨ। ਅੰਤ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਕੈਂਪ ਵਿੱਚ ਪੂਰੇ ਮਨ ਨਾਲ ਭਾਗ ਲੈਣ ਦਾ ਸੰਕਲਪ ਲਿਆ।

