ਕੋਟਕਪੂਰਾ, 25 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਿੱਖਿਆ ਪ੍ਰੋਵਾਈਡਰ ਤੋਂ ਸਿੱਧੀ ਭਰਤੀ ਵਿੱਚ ਤਜ਼ਰਬੇ ਦੇ ਆਧਾਰ ’ਤੇ ਭਰਤੀ ਹੋਏ ਮੁੱਖ ਅਧਿਆਪਕ ਅਤੇ ਸੈਂਟਰ ਮੁੱਖ ਅਧਿਆਪਕਾਂ ਉੱਪਰ ਸਿੱਖਿਆ ਵਿਭਾਗ ਵੱਲੋਂ ਬ੍ਰਿਜ਼ ਕੋਰਸ ਕਰਨ ਦਾ ਤੁਗਲਕੀ ਫੁਰਮਾਨ ਜਾਰੀ ਕਰ ਦਿੱਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੀ ਫਰੀਦਕੋਟ ਇਕਾਈ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਅਤੇ ਜਨਰਲ ਸਕੱਤਰ ਗਗਨ ਪਾਹਵਾ ਨੇ ਦੱਸਿਆ ਕਿ ਇਹ ਅਧਿਆਪਕ ਲਗਭਗ 15-15 ਸਾਲ ਦਾ ਪੜਾਉਣ ਤਜ਼ਰਬਾ ਰੱਖਦੇ ਸਨ। ਇਹ ਅਧਿਆਪਕ ਸਿੱਖਿਆ ਵਿਭਾਗ ਵੱਲੋਂ ਆਪਣੀ ਭਰਤੀ ਸਮੇਂ ਲਾਈਆਂ ਸਭ ਸ਼ਰਤਾਂ ਅਤੇ ਯੋਗਤਾਵਾਂ ਪੂਰੀਆਂ ਕਰਕੇ ਨੌਕਰੀ ਵਿੱਚ ਆਏ ਸਨ। ਪਰ ਹੁਣ ਲਗਭਗ 6 ਸਾਲ ਬਾਅਦ ਇਹਨਾਂ ਨੂੰ ਬ੍ਰਿਜ਼ ਕੋਰਸ ਕਰਨ ਦਾ ਹੁਕਮ ਕਰ ਦਿੱਤਾ ਹੈ ਜੋ ਕਿ ਸਰਾਸਰ ਗਲਤ ਹੈ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਹਰਜਸਦੀਪ ਸਿੰਘ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਰੰਧਾਵਾ, ਵਿੱਤ ਸਕੱਤਰ ਪ੍ਰਦੀਪ ਸਿੰਘ ਅਤੇ ਪ੍ਰੈੱਸ ਸਕੱਤਰ ਲਵਕਰਨ ਸਿੰਘ ਨੇ ਕਿਹਾ ਕਿ ਨਿੱਤ ਦਿਨ ਅਧਿਆਪਕਾਂ ਨੂੰ ਪ੍ਰੇਸ਼ਾਨ ਕਰਨ ਲਈ ਤਰਾਂ ਤਰਾਂ ਦੇ ਹੁਕਮ ਕੀਤੇ ਜਾ ਰਹੇ ਹਨ, ਜਿਸ ਕਰਕੇ ਅਧਿਆਪਕ ਆਪਣੇ ਮੁੱਖ ਕੰਮ ਪੜਾਈ ਕਰਵਾਉਣ ਦੀ ਥਾਂ ਆਪਣੇ ਉੱਪਰ ਥੋਪੇ ਜਾ ਰਹੇ ਬੇਲੋੜੇ ਹੁਕਮਾਂ ਨੂੰ ਰੱਦ ਕਰਵਾਉਣ ਲਈ ਸੜਕਾਂ ’ਤੇ ਸੰਘਰਸ਼ ਕਰਦੇ ਆ ਰਹੇ ਹਨ। ਆਗੂਆਂ ਨੇ ਮੰਗ ਕੀਤੀ ਕਿ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਸਾਰੇ ਅਧਿਆਪਕ ਆਪਣੀ ਭਰਤੀ ਸਮੇਂ ਰੱਖੀਆਂ ਹਰ ਤਰਾਂ ਦੀਆਂ ਸ਼ਰਤਾਂ ਜਿਵੇਂ ਟੈਸਟ, ਇੰਟਰਵਿਊ, ਤਜ਼ਰਬਾ ਆਦਿ ਦੀਆਂ ਯੋਗਤਾਵਾਂ ਪੂਰੀਆਂ ਕਰਕੇ ਨੌਕਰੀ ਵਿੱਚ ਆਏ ਹਨ ਪਰ ਹੁਣ ਜਦ ਉਹ ਐਨੇ ਸਾਲ ਨੌਕਰੀ ਕਰ ਚੁੱਕੇ ਹਨ ਤਾਂ ਸਿੱਖਿਆ ਵਿਭਾਗ ਨੂੰ ਪਤਾ ਨਹੀਂ ਕਿਥੋਂ ਇਹ ਤਰਾਂ ਤਰਾਂ ਦੇ ਟੈਸਟ ਅਤੇ ਕੋਰਸ ਯਾਦ ਆ ਜਾਂਦੇ ਹਨ? ਆਗੂਆਂ ਨੇ ਕਿਹਾ ਇਹ ਇਹਨਾਂ ਅਧਿਆਪਕਾਂ ’ਤੇ ਥੋਪਿਆ ਇਹ ਬ੍ਰਿਜ਼ ਕੋਰਸ ਵਾਪਿਸ ਲਿਆ ਜਾਵੇ ਨਹੀਂ ਤਾਂ ਜਥੇਬੰਦੀ ਇਸ ਮਸਲੇ ’ਤੇ ਤਿੱਖਾ ਸੰਘਰਸ਼ ਕਰੇਗੀ। ਇਸ ਮੌਕੇ ਹੋਰਨਾ ਤੋਂ ਇਲਾਵਾ ਕੁਲਦੀਪ ਸਿੰਘ ਘਣੀਆ, ਅਜਾਇਬ ਸਿੰਘ, ਕੁਲਵਿੰਦਰ ਸਿੰਘ ਬਰਾੜ, ਕਰਨਵੀਰ ਸਿੰਘ ਬਰਾੜ, ਗੁਰਸੇਵਕ ਸਿੰਘ, ਜਸਪ੍ਰੀਤ ਸਿੰਘ ਸੰਧੂ, ਸਵਰਨਪਾਲ ਸਿੰਘ, ਅਮਨਦੀਪ ਸਿੰਘ ਅਤੇ ਹੋਰ ਅਧਿਆਪਕ ਵੀ ਹਾਜ਼ਰ ਸਨ।

