ਧੁੰਦ ਵਿੱਚ ਵੱਧ ਰਹੇ ਹਾਦਸਿਆਂ ਨੂੰ ਲੈ ਕੇ ਟਰੈਫਿਕ ਨਿਯਮਾ ਦੀ ਕਰੋ ਪਾਲਣਾ
ਕੋਟਕਪੂਰਾ, 25 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਧੁੰਦ ਦੇ ਮੌਸਮ ਦੌਰਾਨ ਸੜਕਾਂ ਉੱਤੇ ਦਿੱਖ ਘੱਟ ਹੋ ਜਾਣ ਕਾਰਨ ਹਾਦਸਿਆਂ ਦੇ ਮਾਮਲੇ ਵੱਧ ਜਾਂਦੇ ਹਨ। ਇਸ ਸਬੰਧੀ ਸਮਾਜਸੇਵੀਆਂ ਐਡਵੋਕੇਟ ਅਜੀਤ ਵਰਮਾ ਅਤੇ ਹੰਸ ਰਾਜ ਪ੍ਰਜਾਪਤੀ ਜਲਾਲਾਬਾਦ ਨੇ ਆਮ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਹਰ ਵਾਹਨ ਚਾਲਕ ਅਤੇ ਰਾਹਗੀਰ ਨੂੰ ਖ਼ਾਸ ਸਾਵਧਾਨੀ ਵਰਤਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਤੇਜ਼ ਰਫ਼ਤਾਰ, ਲਾਪ੍ਰਵਾਹੀ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਧੁੰਦ ਵਿੱਚ ਜਾਨਲੇਵਾ ਸਾਬਤ ਹੋ ਸਕਦੀ ਹੈ। ਸਮਾਜਸੇਵੀਆਂ ਨੇ ਅਪੀਲ ਕੀਤੀ ਕਿ ਵਾਹਨ ਹਮੇਸ਼ਾਂ ਹੋਲੀ ਰਫ਼ਤਾਰ ਨਾਲ ਚਲਾਏ ਜਾਣ, ਹੈੱਡ ਲਾਈਟਾਂ ਅਤੇ ਫੋਗ ਲੈਂਪ ਵਰਤੇ ਜਾਣ, ਅਚਾਨਕ ਬਰੇਕ ਲਾਉਣ ਅਤੇ ਬਿਨਾਂ ਲੋੜ ਓਵਰਟੇਕ ਕਰਨ ਤੋਂ ਬਚਿਆ ਜਾਵੇ। ਉਹਨਾਂ ਦੋ ਪਹੀਆ ਵਾਹਨ ਚਾਲਕਾਂ ਨੂੰ ਹੈਲਮਟ ਪਾਉਣ ਅਤੇ ਰਿਫ਼ਲੈਕਟਿਵ ਕੱਪੜੇ ਵਰਤਣ ਦੀ ਸਲਾਹ ਦਿੱਤੀ, ਤਾਂ ਜੋ ਉਹ ਦੂਰੋਂ ਹੀ ਨਜ਼ਰ ਆ ਸਕਣ। ਉਹਨਾਂ ਅੱਗੇ ਦੱਸਿਆ ਕਿ ਜਿਵੇ ਧੁੰਦ ਹੋਵੇ ਤਾਂ ਚਾਲਕ ਆਪਣੇ ਵਾਹਨ ਨੂੰ ਤੇਜ਼ ਨਾ ਚਲਾਉਣ, ਵਾਹਨ ਚਾਲਕ ਆਪੋ-ਆਪਣੇ ਵਾਹਨਾਂ ਦੇ ਪਿੱਛੇ ਰਿਫਲੈਕਟਰ ਜ਼ਰੂਰ ਲਾਉਣ। ਖਾਸ ਤੌਰ ’ਤੇ ਟਰੈਕ ਚਾਲਕ ਕਿਸੇ ਵੀ ਹੋਟਲ ਜਾਂ ਢਾਬੇ ਦੇ ਅੱਗੇ ਵਾਹਨਾਂ ਨੂੰ ਸੜਕ ’ਤੇ ਖੜਾ ਨਾ ਕਰਨ। ਵਾਹਨ ਚਲਾਉਦੇ ਸਮੇਂ ਕਿਸੇ ਵੀ ਸਾਧਨ ਤੋਂ ਮੋੜਨ ’ਤੇ ਪਹਿਲਾਂ ਇੰਡੀਕੇਟਰ ਜਗਾਉਣ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਵਾਹਨ ਚਲਾਉਂਦੇ ਸਮੇਂ ਇਨ੍ਹਾਂ ਸਾਵਧਾਨੀਆਂ ਦੀ ਵਰਤੋਂ ਕਰਦੇ ਹਨ ਤਾਂ ਧੁੰਦ ਕਾਰਨ ਵਾਪਰਦੇ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ।
