ਤਰਕਸ਼ੀਲ ਮੈਗਜ਼ੀਨ ਮੁਹਿੰਮ ਦੀ ਸ਼ੁਰੂਆਤ 5 ਜਨਵਰੀ ਤੋਂ
ਦੇਸ਼ ਵਿੱਚ ਵੱਧ ਰਹੇ ਫ਼ਿਰਕੂ ਫਾਸ਼ੀਵਾਦੀ ਮਾਹੌਲ ਵਿਰੁੱਧ ਡਟਣ ਲਈ ਸਾਂਝੇ ਮੁਹਾਜ ਉਸਾਰਨ ਦੀ ਲੋੜ ਤੇ ਜ਼ੋਰ
ਬਰਨਾਲਾ 26 ਦਸੰਬਰ (ਸੁਮੀਤ ਅੰਮ੍ਰਿਤਸਰ/ਵਰਲਡ ਪੰਜਾਬੀ ਟਾਈਮਜ਼)
ਤਰਕਸ਼ੀਲ਼ ਸੁਸਾਇਟੀ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਸੂਬਾਈ ਜਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸੁਸਾਇਟੀ ਦੇ ਦੋ ਮਾਸਿਕ ਤਰਕਸ਼ੀਲ ਮੈਗਜ਼ੀਨ ਦੇ ਪਾਠਕਾਂ ਦਾ ਘੇਰਾ ਹੋਰ ਵਿਸ਼ਾਲ ਕਰਨ ਲਈ 5 ਤੋਂ 12 ਜਨਵਰੀ ਤੱਕ ਮੈਗਜ਼ੀਨ ਹਫਤਾ ਮਨਾਉਣ ਅਤੇ 8 ਫਰਵਰੀ ਨੂੰ ਕ੍ਰਿਸ਼ਨ ਬਰਗਾੜੀ ਯਾਦਗਾਰੀ ਸਨਮਾਨ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਸੂਬਾਈ ਆਗੂਆਂ ਮਾਸਟਰ ਰਾਜਿੰਦਰ ਭਦੌੜ, ਹੇਮ ਰਾਜ ਸਟੈਨੋਂ, ਰਾਜੇਸ਼ ਅਕਲੀਆ,ਰਾਜਪਾਲ ਬਠਿੰਡਾ, ਸੁਖਵਿੰਦਰ ਬਾਗਪੁਰ ਅਤੇ ਸੁਮੀਤ ਅੰਮ੍ਰਿਤਸਰ ਨੇ ਦੱਸਿਆ ਕਿ ਮੀਟਿੰਗ ਵਿੱਚ 14-15 ਮਾਰਚ ਨੂੰ ਕਾਡਰ ਦਾ ਦੋ ਰੋਜ਼ਾ ਵਿਸ਼ੇਸ਼ ਸੂਬਾਈ ਚੇਤਨਾ ਕੈਂਪ ਲਗਾਉਣ ਦੇ ਇਲਾਵਾ ਆਮ ਲੋਕਾਂ ਤੇ ਖਾਸ ਕਰਕੇ ਔਰਤਾਂ, ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਤਰਕਸ਼ੀਲ ਲਹਿਰ ਨਾਲ ਜੋੜਨ ਦੀ ਵਿਸ਼ੇਸ਼ ਮੁਹਿੰਮ ਚਲਾਉਣ ਅਤੇ ਦੇਸ਼ ਵਿੱਚ ਵੱਧ ਰਹੇ ਫ਼ਿਰਕੂ ਫਾਸ਼ੀਵਾਦੀ ਮਾਹੌਲ ਵਿੱਚ ਆਜ਼ਦਾਨਾ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਉਤੇ ਸਖ਼ਤ ਪਾਬੰਦੀਆਂ ਲਾਉਣ ਵਿਰੁੱਧ ਅਤੇ ਅਹਿਮ ਲੋਕ ਪੱਖੀ ਮੁੱਦਿਆਂ ਉਤੇ ਹਮਖਿਆਲ ਜਨਤਕ ਜੱਥੇਬੰਦੀਆਂ ਵੱਲੋਂ ਕੀਤੀਆਂ ਜਾਂਦੀਆਂ ਸਰਗਰਮੀਆਂ ਵਿੱਚ ਭਰਵੀਂ ਸ਼ਮੂਲੀਅਤ ਕਰਨ ਸੰਬੰਧੀ ਫੈਸਲੇ ਕੀਤੇ ਗਏ ।
ਇਸ ਮੌਕੇ ਸੂਬਾਈ ਆਗੂਆਂ ਰਾਮ ਸਵਰਨ ਲੱਖੇਵਾਲੀ,ਜਸਵਿੰਦਰ ਫਗਵਾੜਾ,ਗੁਰਪ੍ਰੀਤ ਸ਼ਹਿਣਾ,ਜੋਗਿੰਦਰ ਕੁੱਲੇਵਾਲ, ਕੁਲਜੀਤ ਡੰਗਰਖੇੜਾ, ਸੁਰਜੀਤ ਟਿੱਬਾ,ਜੂਝਾਰ ਲੌਂਗੋਵਾਲ ਅਤੇ ਮੋਹਨ ਬਡਲਾ ਵੱਲੋਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦਾ ਦਾਇਰਾ ਹੋਰ ਵਧਾਉਣ, ਸੋਸ਼ਲ ਮੀਡੀਆ ਰਾਹੀਂ ਵਿਗਿਆਨਕ ਸੋਚ ਦਾ ਪ੍ਰਚਾਰ-ਪ੍ਰਸਾਰ ਤੇਜ਼ ਕਰਨ ਦੇ ਇਲਾਵਾ ਪੰਜਾਬ ਵਿੱਚ ਅੰਧ ਵਿਸ਼ਵਾਸ਼ ਰੋਕੂ ਕਾਨੂੰਨ ਲਾਗੂ ਕਰਵਾਉਣ ਲਈ ਜਨਤਕ ਜਾਗਰੂਕਤਾ ਮੁਹਿੰਮ ਤੇਜ਼ ਕਰਨ ਅਤੇ ਜੱਥੇਬੰਦਕ ਸੰਘਰਸ਼ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ ਗਿਆ।
ਮੀਟਿੰਗ ਵਿੱਚ ਜੋਨ ਆਗੂਆਂ ਸੁਖਦੇਵ ਫਗਵਾੜਾ ਜਲੰਧਰ,ਅਜੀਤ ਪ੍ਰਦੇਸੀ ਚੰਡੀਗੜ੍ਹ, ਜਸਵੰਤ ਜੀਰਖ ਲੁਧਿਆਣਾ,ਮਾਸਟਰ ਜਗਦੀਸ਼ ਰਾਏਪੁਰ ਡਿੱਬਾ ਨਵਾਂ ਸ਼ਹਿਰ ,ਬਲਰਾਜ ਮੌੜ ਬਠਿੰਡਾ ਅਤੇ ਪ੍ਰਵੀਨ ਜੰਡਵਾਲਾ ਫਾਜ਼ਿਲਕਾ ਵੱਲੋਂ ਵਿਚਾਰ ਵਟਾਂਦਰਾ ਕਰਦਿਆਂ ਆਪਣੇ ਕਾਡਰ ਨੂੰ ਹੋਰ ਵੱਧ ਸਰਗਰਮ ਕਰਨ ਹਿੱਤ ਜੋਨ ਪੱਧਰ ਤੇ ਬੌਧਿਕ ਵਿਚਾਰਧਾਰਕ ਵਰਕਸ਼ਾਪਾਂ ਲਗਾਉਣ, ਸਮਾਜ ਵਿੱਚ ਲੋਕ ਪੱਖੀ ਸੱਭਿਆਚਾਰਕ ਬਦਲ ਪੇਸ਼ ਕਰਨ ਲਈ ਇਕਾਈ ਪੱਧਰ ਤੇ ਪਰਿਵਾਰਕ ਮਿਲਣੀਆਂ ਦਾ ਪ੍ਰੋਗਰਾਮ ਜਲਦੀ ਨੇਪਰੇ ਚਾੜਨ ਅਤੇ ਤਰਕਸ਼ੀਲ਼ ਸਾਹਿਤ ਵੈਨ ਨੂੰ ਪੰਜਾਬ ਦੇ ਸਾਰੇ ਵਿਦਿਅਕ ਅਦਾਰਿਆਂ,ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਨਿਰਧਾਰਤ ਰੂਟ ਅਨੁਸਾਰ ਪ੍ਰਦਰਸ਼ਿਤ ਕਰਨ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ।
