ਕੋਟਕਪੂਰਾ, 29 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਂਵੇ ਪਿਛਲੇ ਕਾਫੀ ਅਰਸੇ ਤੋਂ ਸਮੇਂ ਦੀਆਂ ਸਰਕਾਰਾਂ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਚਾਈਨਾ ਡੋਰ ਵੇਚਣ, ਸਟੋਰ ਕਰਨ ਅਤੇ ਵਰਤਣ ਖਿਲਾਫ ਮੁਹਿੰਮ ਵਿੱਢੀ ਹੋਈ ਹੈ, ਪਾਬੰਦੀਆਂ ਜਾਰੀ ਕਰਕੇ ਦੁਕਾਨਦਾਰਾਂ ਖਿਲਾਫ ਸਖਤ ਕਾਰਵਾਈ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਉਸ ਦੇ ਬਾਵਜੂਦ ਵੀ ਚਾਈਨਾ ਡੋਰ ਦੀ ਵਿੱਕਰੀ ਜਾਰੀ ਹੈ ਤੇ ਚਾਈਨਾ ਡੋਰ ਮਨੁੱਖਾਂ ਅਤੇ ਪਸ਼ੂ ਪੰਛੀਆਂ ਲਈ ਜਾਨਲੇਵਾ ਸਿੱਧ ਹੋ ਰਹੀ ਹੈ। ਇਸ ਦੀ ਵਰਤੋ ਦੇ ਆਏ ਦਿਨ ਭਿਆਨਕ ਨਤੀਜੇ ਸਾਹਮਣੇ ਆ ਰਹੇ ਹਨ। ਇਸ ਨਾਲ ਪੰਛੀ ਤੇ ਮਨੁੱਖ ਜਾਤੀ ਗੰਭੀਰ ਸਿੱਟੇ ਭੁਗਤ ਰਹੀ ਹੈ। ਹਰ ਸਾਲ ਬਸੰਤ ਪੰਚਮੀ ਨੂੰ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਚਰਮ ਸੀਮਾ ’ਤੇ ਪਹੁੰਚ ਜਾਂਦੀ ਹੈ। ਇਸ ਸਬੰਧੀ ਵਾਤਾਵਰਣ ਪੇ੍ਰਮੀਆਂ ਐਡਵੋਕੇਟ ਅਜੀਤ ਵਰਮਾ ਅਤੇ ਹੰਸ ਰਾਜ ਪ੍ਰਜਾਪਤੀ ਨੇ ਜਿੱਥੇ ਪ੍ਰਸ਼ਾਸ਼ਨ ਦੀ ਨਰਮੀ, ਅਣਗਹਿਲੀ ਤੇ ਲਾਪ੍ਰਵਾਹੀ ਦੀ ਨਿੰਦਾ ਕੀਤੀ ਹੈ, ਉੱਥੇ ਆਮ ਲੋਕਾਂ ਨੂੰ ਇਸ ਵਿਰੁੱਧ ਜਾਗਰੂਕ ਅਤੇ ਸੁਚੇਤ ਹੋਣ ਦੀ ਅਪੀਲ ਕਰਦਿਆਂ ਆਖਿਆ ਹੈ ਕਿ ਜਦੋਂ ਤੱਕ ਆਮ ਲੋਕ ਇਸ ਵਿਰੁੱਧ ਮੁਹਿੰਮ ਨਹੀਂ ਵਿੱਢਦੇ ਉਦੋਂ ਤੱਕ ਸਾਰਥਿਕ ਨਤੀਜੇ ਸਾਹਮਣੇ ਨਹੀਂ ਆਉਣਗੇ। ਉਹਨਾਂ ਆਖਿਆ ਕਿ ਹਰ ਸਾਲ ਤਿਉਹਾਰਾਂ ਤੇ ਖ਼ਾਸ ਕਰਕੇ ਪਤੰਗਬਾਜ਼ੀ ਦੇ ਮਜਜਬਾ ਵਾਲਾ ਚਾਈਨਾ ਡੋਰ ਕਈ ਕਾਰਨ ਦਰਦਨਾਕ ਹਾਦਸੇ ਵਾਪਰਦੇ ਹਨ। ਇਸ ਖ਼ਤਰਨਾਕ ਡੋਰ ਨਾਲ ਗਲੇ ਕੱਟਣ ਦੀਆਂ ਘਟਨਾਵਾਂ, ਮੋਟਰਸਾਈਕਲ ਅਤੇ ਸਕੂਟਰ ਸਵਾਰਾਂ ਦੇ ਗੰਭੀਰ ਜ਼ਖ਼ਮੀ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਬੇਜ਼ੁਬਾਨ ਪੰਛੀਆਂ ਦੀ ਮੌਤ ਵੀ ਚਾਈਨਾ ਡੋਰ ਦਾ ਵੱਡਾ ਨੁਕਸਾਨ ਮੰਨੀ ਜਾ ਰਹੀ ਹੈ। ਸਮਾਜਸੇਵੀਆਂ ਨੇ ਮੰਗ ਕੀਤੀ ਕਿ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਤੁਰਤ ਮਾਮਲਾ ਦਰਜ ਕੀਤਾ ਜਾਵੇ।
