-ਪੰਜਾਬ ਸਰਕਾਰ ਵੱਲੋਂ ਐਲਾਨੀ ਕਾਮਰੇਡ ਪ੍ਰੀਤਮ ਸਿੰਘ ਦਰਦੀ ਦੀ ਢੁੱਕਵੀਂ ਯਾਦਗਾਰ ਛੇਤੀ ਬਨਾਉਣ ਦੀ ਮੰਗ ਉਠਾਈ
ਮਹਿਲ ਕਲਾਂ,30 ਦਸੰਬਰ (ਜਗਮੋਹਣ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ਼)
ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ( ਬਰਨਾਲਾ) ਦੀ ਵਿਸ਼ੇਸ਼ ਮੀਟਿੰਗ ਕਲੱਬ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੋਈ। ਇਸ ਮੌਕੇ ਸ਼ੁਰੂਆਤ ਮੌਕੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰੀ ਜੀ, ਚਾਰ ਸ਼ਾਹਿਬਜ਼ਾਦਿਆ ਅਤੇ ਸਮੂਹ ਸੂਰਬੀਰ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਸਿੱਜਦਾ ਕੀਤਾ ਗਿਆ। ਇਸ ਉਪਰੰਤ ਬੋਲਦਿਆਂ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ ਨੇ ਫੀਲਡ ਵਿਚ ਕੰਮ ਕਰਦੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਪੈਨਸ਼ਨ, ਬੀਮਾ ਯੋਜਨਾ, ਰਿਹਾਇਸ਼ ਲਈ ਪਲਾਟ, ਮਕਾਨ ਉਸਾਰੀ ਬੈਕ ਲੋਨ, ਬੱਚਿਆਂ ਦੀ ਉਚ ਵਿਦਿਆ ਲਈ ਬਿਨਾਂ ਵਿਆਜ ਕਰਜਾ ਆਦਿ ਸਹੂਲਤਾਂ ਲਾਗੂ ਕਰਨ ਦੇ ਨਾਲ-ਨਾਲ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਨਾਉਣ ਦੀ ਮੰਗ ਕੀਤੀ। ਵੱਖ-ਵੱਖ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਐਲਾਨੀ ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਦੇ ਸਰਪ੍ਰਸਤ ਕਾਮਰੇਡ ਪ੍ਰੀਤਮ ਸਿੰਘ ਦਰਦੀ ਦੀ ਢੁੱਕਵੀਂ ਯਾਦਗਾਰ ਤੁਰੰਤ ਬਨਾਉਣ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਕਾਮਰੇਡ ਪ੍ਰੀਤਮ ਦਰਦੀ ਦੇ ਸ਼ਰਧਾਂਜਲੀ ਸਮਾਗਮ ਮੌਕੇ 18 ਸਤੰਬਰ 2022 ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਸ਼ੰਦੇਸ਼ ਲੈ ਕੇ ਪਹੁੰਚੇ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਪੰਜਾਬ ਸਰਕਾਰ ਵਲੋਂ ਢੁਕਵੀਂ ਯਾਦਗਾਰ ਬਣਾਉਣ ਦਾ ਐਲਾਨ ਹਜ਼ਾਰਾਂ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆ ਕੀਤਾ ਸੀ। ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਜ਼ਿਲਾ ਲੀਡਰਸ਼ਿਪ ਮੌਜੂਦ ਸੀ। ਪਰ ਤਿੰਨ ਸਾਲ ਤੋਂ ਵੀ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਨੀਂਹ ਵੀ ਨਹੀਂ ਰੱਖੀ ਗਈ। ਇਸ ਸਬੰਧੀ ਕਈ ਵਾਰ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਯਾਦਗਾਰ ਦਾ ਕੰਮ ਅਜੇ ਤੱਕ ਸ਼ੁਰੂ ਨਹੀਂ ਹੋਇਆ । ਆਗੂਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪਾਸੋਂ ਇਸ ਮਾਮਲੇ ਸਬੰਧੀ ਤੁਰੰਤ ਧਿਆਨ ਦੇ ਕੇ ਯਾਦਗਾਰ ਦੀ ਉਸਾਰੀ ਦਾ ਕੰਮ ਛੇਤੀ ਸ਼ੁਰੂ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਕਲੱਬ ਦੇ ਸਰਪ੍ਰਸਤ ਅਵਤਾਰ ਸਿੰਘ ਅਣਖੀ, ਵਿੱਤ ਸਕੱਤਰ ਬਲਵਿੰਦਰ ਸਿੰਘ ਵਜੀਦਕੇ, ਚੇਅਰਮੈਨ ਸੋਨੀ ਮਾਂਗੇਵਾਲ, ਸਕੱਤਰ ਪ੍ਰਦੀਪ ਸਿੰਘ ਲੋਹਗੜ੍ਹ, ਮੁੱਖ ਸਲਾਹਕਾਰ ਜਗਮੋਹਣ ਸ਼ਾਹ ਰਾਏਸਰ, ਰਾਜਵਿੰਦਰ ਸਿੰਘ ਖ਼ਾਲਸਾ, ਰਮਨਦੀਪ ਸਿੰਘ ਧਾਲੀਵਾਲ, ਬਲਵੰਤ ਸਿੰਘ ਚੁਹਾਣਕੇ, ਗੁਰਪ੍ਰੀਤ ਸਿੰਘ, ਆਦਿ ਹਾਜ਼ਰ ਸਨ।
