ਪਹਿਲਾ ਗੀਤ ‘ਸੰਡੇ’ 4 ਜਨਵਰੀ ਨੂੰ ਵਿਸ਼ਵ-ਪੱਧਰ ’ਤੇ ਹੋਵੇਗਾ ਰਿਲੀਜ਼

ਕੋਟਕਪੂਰਾ, 31 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਦੇ ਨਾਮਵਰ ਗਾਇਕ, ਅਦਾਕਾਰ ਅਤੇ ਗੀਤਕਾਰ ਇੰਦਰ ਮਾਨ (ਕੋਟ ਵਾਲਾ ਮਾਨ) ਨੇ ਆਪਣੀ ਟੀਮ ਦੇ ਸਹਿਯੋਗ ਨਾਲ ਨਵੀਂ ਮਿਊਜ਼ਿਕ ਕੰਪਨੀ ‘ਕੇ.ਡਬਲਯੂ.ਐੱਮ. ਰਿਕਾਰਡ’ ਨੂੰ ਲਾਂਚ ਕੀਤਾ ਹੈ। ਇਸ ਕੰਪਨੀ ਦੀ ਸ਼ੁਰੂਆਤ ਕਰਨ ਉਪਰੰਤ ਪੰਜਾਬੀ ਸੰਗੀਤ-ਜਗਤ ਦੇ ਵੱਖ-ਵੱਖ ਕਲਾਕਾਰਾਂ, ਗੀਤਕਾਰਾਂ ਅਤੇ ਅਦਾਕਾਰਾਂ ਨੇ ਇੰਦਰ ਮਾਨ ਨੂੰ ਆਪਣੀਆਂ ਸ਼ੁੱਭਇਛਾਵਾਂ ਭੇਜੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਾਇਰ ਕੁਲਵਿੰਦਰ ਵਿਰਕ ਨੇ ਦੱਸਿਆ ਕਿ ਇੰਦਰ ਮਾਨ ਨੌਜਵਾਨ ਪੀੜ੍ਹੀ ਦਾ ਉਹ ਹੋਣਹਾਰ ਕਲਾਕਾਰ ਹੈ, ਜਿਸ ਨੇ ਆਪਣੇ ਅਣਗਿਣਤ ਗੀਤਾਂ ਅਤੇ ਅਦਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਹਿਆ ਹੈ। ਉਸਨੇ ਹਮੇਸ਼ਾ ਹੀ ਮਿਆਰੀ ਗੀਤ ਲਿਖੇ ਅਤੇ ਗਾਏ ਹਨ। ਉਸ ਵੱਲੋਂ ਲਿਖੇ ਹੋਏ ਕਈ ਗੀਤਾਂ ਨੂੰ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਵੱਖ-ਵੱਖ ਨਾਮਵਰ ਕਲਾਕਾਰਾਂ ਨੇ ਵੀ ਆਪਣੀ ਆਵਾਜ਼ ਵਿੱਚ ਗਾਇਆ ਹੈ, ਜਿੰਨ੍ਹਾਂ ਵਿੱਚ ਅਵਤਾਰ ਚਮਕ, ਜ਼ਹੀਰ ਲੁਹਾਰ, ਰਮਨ ਗਿੱਲ, ਕਮਲ ਗਿੱਲ, ਸਰਗਮ ਸੋਹੀ, ਚੰਨ ਕੌਰ ਆਦਿ ਨਾਂਅ ਵਿਸ਼ੇਸ਼ ਜ਼ਿਕਰਯੋਗ ਹਨ। ਇਸ ਮੌਕੇ ਗਾਇਕ ਇੰਦਰ ਮਾਨ ਨੇ ਕਿਹਾ ਕਿ ਉਹਨਾਂ ਦੀ ਇਸ ਨਵੀਂ ਕੰਪਨੀ ਵਿੱਚ ਉਹਨਾਂ ਦਾ ਹੀ ਗਇਆ ਹੋਇਆ ਨਵਾਂ ਗੀਤ ‘ਸੰਡੇ’ 4 ਜਨਵਰੀ ਨੂੰ ਦਰਸ਼ਕਾਂ ਦੀ ਕਚਹਿਰੀ ਵਿੱਚ ਵਿਸ਼ਵ ਪੱਧਰ ’ਤੇ ਪੇਸ਼ ਹੋਵੇਗਾ। ਇਸ ਗੀਤ ਨੂੰ ਤਰਸੇਮ ਚੈਨਾ ਨੇ ਲਿਖਿਆ ਹੈ ਅਤੇ ਮਿਊਜ਼ਿਕ ਬਿੱਲਾ ਬ੍ਰਦਰਜ਼ ਦਾ ਹੈ। ਵੀਡੀਓ ਫ਼ਿਲਮਾਂਕਣ ਜੱਸ ਢਿੱਲੋਂ ਦਾ ਹੈ, ਜਦਕਿ ਰਿਤਿਕਾ ਗੋਗਨਾ ਨੇ ਸਹਿ ਅਦਾਕਾਰਾ ਵਜੋਂ ਕੰਮ ਕੀਤਾ ਹੈ।
