ਨਵੇਂ ਸਾਲ ਮੌਕੇ ਬੱਸ ਯਾਤਰਾ ਨੂੰ ਬਾਬਾ ਸ਼ਿਆਮ ਅਤੇ ਸਾਲਾਸਰ ਧਾਮ ਦਰਸ਼ਨਾਂ ਲਈ ਕੀਤਾ ਰਵਾਨਾ
ਕੋਟਕਪੂਰਾ, 1 ਜਨਵਰੀ ( ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਨਵੇਂ ਸਾਲ ਦੇ ਸ਼ੁਭ ਮੌਕੇ ਸ਼੍ਰੀ ਸ਼ਿਆਮ ਪਰਿਵਾਰ ਸੇਵਾ ਸੰਘ ਕੋਟਕਪੂਰਾ ਵੱਲੋਂ ਬਾਬਾ ਖਾਟੂ ਸ਼ਿਆਮ ਅਤੇ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਵਿਸ਼ੇਸ਼ ਬਸ ਯਾਤਰਾ ਦਾ ਆਯੋਜਨ ਕੀਤਾ ਗਿਆ। ਬੱਸ ਦੀ ਰਵਾਨਗੀ ਤੋਂ ਪਹਿਲਾਂ ਸ਼੍ਰੀ ਸ਼ਿਆਮ ਪਰਿਵਾਰ ਸੇਵਾ ਸੰਘ ਕੋਟਕਪੂਰਾ ਦੇ ਪ੍ਰਧਾਨ ਅਜੀਤ ਪ੍ਰਕਾਸ਼ ਸ਼ਰਮਾ ਅਤੇ ਪੁਜਾਰੀ ਪੰਡਿਤ ਰਾਮ ਸ਼ਰਮਾ ਵੱਲੋਂ ਵਿਧੀਵਤ ਢੰਗ ਨਾਲ ਝੰਡੀ ਦੀ ਰਸਮ ਅਦਾ ਕੀਤੀ ਗਈ ਅਤੇ ਪ੍ਰਸਾਦ ਦਾ ਭੋਗ ਲਾਇਆ ਗਿਆ। ਇਸ ਮੌਕੇ ਸ਼੍ਰੀ ਸ਼ਿਆਮ ਪਰਿਵਾਰ ਬੱਸ ਯਾਤਰਾ ਦੇ ਮੈਂਬਰ ਰਿੰਕੂ ਮੋਦੀ, ਸ਼ੀਲੂ ਯਾਦਵ, ਆਸ਼ੂ ਸ਼ਰਮਾ, ਸਿੱਧਾਰਥ ਗੋਇਲ, ਸੰਜੀਵ ਗਰਗ, ਰੌਬਿਨ ਮਿੱਤਲ, ਸੁਦਰਸ਼ਨ ਸਿੰਗਲਾ ਸਮੇਤ ਕਈ ਹੋਰ ਸ਼ਰਧਾਲੂ ਮੌਜੂਦ ਰਹੇ। ਸਾਰੇ ਸ਼ਰਧਾਲੂਆਂ ਨੇ ਬਾਬਾ ਸ਼ਿਆਮ ਦੇ ਜੈਕਾਰਿਆਂ ਨਾਲ ਯਾਤਰਾ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਪ੍ਰਧਾਨ ਅਜੀਤ ਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਕੋਟਕਪੂਰਾ ਦੇ ਪ੍ਰਾਚੀਨ ਮਾਤਾ ਸੰਤੋਸ਼ੀ ਮੰਦਰ (ਬਜਰੰਗ ਭਵਨ) ਦੇ ਵਿਹੜੇ ਵਿੱਚ ਖਾਟੂ ਸ਼ਿਆਮ ਮੰਦਰ ਦਾ ਨਿਰਮਾਣ ਕੰਮ ਲਗਾਤਾਰ ਪ੍ਰਗਤੀ ’ਤੇ ਹੈ। ਇਹ ਪਵਿੱਤਰ ਕਾਰਜ ਸ਼੍ਰੀ ਸ਼ਿਆਮ ਪਰਿਵਾਰ ਸੇਵਾ ਸੰਘ ਕੋਟਕਪੂਰਾ ਅਤੇ ਸ਼੍ਰੀ ਸੰਤੋਸ਼ੀ ਮਾਤਾ ਮੰਦਰ ਪ੍ਰਬੰਧਕੀ ਕਮੇਟੀ ਕੋਟਕਪੂਰਾ ਦੇ ਸਾਂਝੇ ਸਹਿਯੋਗ ਅਤੇ ਸਮਰਪਣ ਨਾਲ ਕੀਤਾ ਜਾ ਰਿਹਾ ਹੈ। ਮੰਦਰ ਵਿੱਚ ਬਾਬਾ ਖਾਟੂ ਸ਼ਿਆਮ ਜੀ ਦੇ ਪਾਵਨ ਸ਼ੀਸ਼ ਦੀ ਸਥਾਪਨਾ ਦਾ ਮੁੱਖ ਉਦੇਸ਼ ਖੇਤਰ ਵਿੱਚ ਭਗਤੀ, ਸੇਵਾ ਅਤੇ ਆਧਿਆਤਮਿਕ ਚੇਤਨਾ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਨਿਰਮਾਣ ਕਾਰਜ ਸਿਰਫ਼ ਇੱਕ ਢਾਂਚੇ ਦੀ ਤਿਆਰੀ ਨਹੀਂ, ਬਲਕਿ ਸ਼ਰਧਾ, ਵਿਸ਼ਵਾਸ ਅਤੇ ਸਾਂਝੀ ਸੇਵਾ ਭਾਵਨਾ ਦਾ ਪ੍ਰਤੀਕ ਹੈ। ਜਿਵੇਂ-ਜਿਵੇਂ ਕੰਮ ਅੱਗੇ ਵੱਧ ਰਿਹਾ ਹੈ, ਕੋਟਕਪੂਰਾ ਖੇਤਰ ਵਿੱਚ ਧਾਰਮਿਕ ਮਾਹੌਲ ਅਤੇ ਆਧਿਆਤਮਿਕ ਉਰਜਾ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਸ਼ਰਧਾਲੂਆਂ ਨੇ ਬਾਬਾ ਸ਼ਿਆਮ ਅੱਗੇ ਅਰਦਾਸ ਕੀਤੀ ਕਿ ਇਹ ਪਵਿੱਤਰ ਕਾਰਜ ਜਲਦ ਅਤੇ ਬਿਨਾ ਕਿਸੇ ਰੁਕਾਵਟ ਦੇ ਪੂਰਾ ਹੋਵੇ ਅਤੇ ਖੇਤਰ ਵਿੱਚ ਸੁਖ, ਸ਼ਾਂਤੀ ਅਤੇ ਸਮ੍ਰਿੱਧੀ ਬਣੀ ਰਹੇ।

